ਬੰਗਲਾਦੇਸ਼ ''ਚ ਡੂੰਘਾ ਹੋਇਆ ਆਰਥਿਕ ਸੰਕਟ! ਅਰਥਵਿਵਸਥਾ ਨੂੰ ਲੀਹ ''ਤੇ ਲਿਆਉਣ ਲਈ ਤੁਰੰਤ ਕਦਮਾਂ ਦੀ ਲੋੜ
Sunday, Oct 18, 2026 - 04:06 PM (IST)
ਢਾਕਾ: ਬੰਗਲਾਦੇਸ਼ 'ਚ 5 ਅਗਸਤ 2024 ਨੂੰ ਵਿਦਿਆਰਥੀਆਂ ਅਤੇ ਨਾਗਰਿਕਾਂ ਦੇ ਅੰਦੋਲਨ ਤੋਂ ਬਾਅਦ ਅਵਾਮੀ ਲੀਗ ਦੀ ਸਰਕਾਰ ਦੇ ਪਤਨ ਤੋਂ ਬਾਅਦ ਦੇਸ਼ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਲਗਭਗ 15 ਸਾਲਾਂ ਦੇ ਤਾਨਾਸ਼ਾਹੀ ਸ਼ਾਸਨ ਦੌਰਾਨ ਵਿਆਪਕ ਭ੍ਰਿਸ਼ਟਾਚਾਰ, ਬੈਂਕ ਘੁਟਾਲਿਆਂ, ਕਰਜ਼ਾ ਧੋਖਾਧੜੀ ਅਤੇ ਅਰਬਾਂ ਟਕਾ (ਮੁਦਰਾ) ਵਿਦੇਸ਼ ਭੇਜਣ ਕਾਰਨ ਦੇਸ਼ ਦੀ ਅਰਥਵਿਵਸਥਾ ਡੂੰਘੇ ਵਿੱਤੀ ਸੰਕਟ ਵਿੱਚ ਫਸ ਚੁੱਕੀ ਹੈ।
ਪਦਮਾ ਬ੍ਰਿਜ, ਮੈਟਰੋ ਰੇਲ, ਅਤੇ ਰੂਪਪੁਰ ਨਿਊਕਲੀਅਰ ਪਾਵਰ ਪਲਾਂਟ ਵਰਗੇ ਵੱਡੇ ਪ੍ਰਾਜੈਕਟਾਂ ਵਿੱਚ ਲਾਗਤਾਂ ਵਧਾ ਕੇ ਕੀਤੇ ਗਏ ਗਬਨ ਕਾਰਨ ਬੈਂਕਿੰਗ ਖੇਤਰ ਵਿੱਚ ਤਰਲਤਾ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਇਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਘਟ ਗਿਆ ਹੈ ਅਤੇ ਮਹਿੰਗਾਈ ਵਿੱਚ ਭਾਰੀ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦੀ ਰਿਪੋਰਟ ਅਨੁਸਾਰ ਦੇਸ਼ ਦੀ ਕੁੱਲ ਘਰੇਲੂ ਉਤਪਾਦ ਵਿਕਾਸ ਦਰ ਘਟ ਕੇ 3.2 ਫੀਸਦੀ ਰਹਿਣ ਦਾ ਅਨੁਮਾਨ ਹੈ। ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਨੇ ਵੀ ਇਸੇ ਤਰ੍ਹਾਂ ਚਿੰਤਾ ਪ੍ਰਗਟਾਈ ਹੈ।
ਆਰਥਿਕ ਗਤੀਵਿਧੀਆਂ ਵਿੱਚ ਖੜੌਤ ਕਾਰਨ ਨਿਵੇਸ਼ ਅਤੇ ਆਯਾਤ-ਨਿਰਯਾਤ ਵਪਾਰ ਪ੍ਰਭਾਵਿਤ ਹੋਇਆ ਹੈ। ਦੇਸ਼ ਵਿੱਚ ਰੁਜ਼ਗਾਰ ਦੇ ਵੱਡੇ ਸਾਧਨ ਰਿਅਲ ਅਸਟੇਟ ਖੇਤਰ ਅਤੇ ਇਸ ਨਾਲ ਜੁੜੇ ਲਗਭਗ 300 ਉਦਯੋਗਾਂ 'ਤੇ ਮੰਦੀ ਦੀ ਮਾਰ ਪਈ ਹੈ। ਉੱਚ ਟੈਕਸਾਂ, ਬੈਂਕ ਵਿਆਜ ਦਰਾਂ ਵਿੱਚ ਵਾਧੇ ਅਤੇ ਉਸਾਰੀ ਸਮੱਗਰੀ ਦੀਆਂ ਕੀਮਤਾਂ ਵਧਣ ਕਾਰਨ ਫਲੈਟਾਂ ਦੀ ਵਿਕਰੀ ਵਿੱਚ 65 ਤੋਂ 70 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜਿਸ ਨਾਲ ਲਗਭਗ 50 ਲੱਖ ਲੋਕਾਂ ਦੀ ਰੋਜ਼ੀ-ਰੋਟੀ 'ਤੇ ਖ਼ਤਰਾ ਮੰਡਰਾ ਰਿਹਾ ਹੈ।
