ਭੂਚਾਲ ਦੇ ਝਟਕਿਆਂ ਵਿਚਕਾਰ ਡਾਕਟਰਾਂ ਨੇ ਬਚਾਈ ਮਰੀਜ਼ ਦੀ ਜਾਨ, ਹਰ ਪਾਸੇ ਹੋ ਰਹੀ ਤਾਰੀਫ਼ (ਵੀਡੀਓ)

Wednesday, Jul 30, 2025 - 02:36 PM (IST)

ਭੂਚਾਲ ਦੇ ਝਟਕਿਆਂ ਵਿਚਕਾਰ ਡਾਕਟਰਾਂ ਨੇ ਬਚਾਈ ਮਰੀਜ਼ ਦੀ ਜਾਨ, ਹਰ ਪਾਸੇ ਹੋ ਰਹੀ ਤਾਰੀਫ਼ (ਵੀਡੀਓ)

ਇੰਟਰਨੈਸ਼ਨਲ ਡੈਸਕ- ਰੂਸ ਵਿੱਚ ਅੱਜ ਤੜਕਸਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਭਾਰੀ ਨੁਕਸਾਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਰੂਸ ਦੇ ਦੂਰ ਪੂਰਬੀ ਖੇਤਰ ਕੈਮਚੈਟਕਾ ਵਿੱਚ ਸਵੇਰੇ 8.8 ਦੀ ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਨੁਸਾਰ ਭੂਚਾਲ ਦਾ ਕੇਂਦਰ ਸਮੁੰਦਰ ਦੇ ਹੇਠਾਂ ਸੀ, ਜਿਸ ਕਾਰਨ ਬਹੁਤ ਨੁਕਸਾਨ ਹੋਇਆ ਹੈ। ਭੂੂਚਾਲ ਦੇ ਬਾਅਦ ਜਾਪਾਨ ਅਤੇ ਅਮਰੀਕੀ ਏਜੰਸੀਆਂ ਨੇ ਵੀ ਆਪਣੇ ਸਮੁੰਦਰੀ ਇਲਾਕਿਆਂ ਵਿਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ,ਚੀਨ, ਜਾਪਾਨ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਆਦਿ ਦੇਸ਼ਾਂ ਨੇ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ।

 

ਭੂਚਾਲ ਅਤੇ ਸੁਨਾਮੀ ਕਾਰਨ ਹੋਈ ਤਬਾਹੀ ਵਿਚਕਾਰ ਰੂਸ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਡਾਕਟਰਾਂ ਨੇ ਮਰੀਜ਼ ਦੀ ਜਾਨ ਬਚਾ ਲਈ। ਰੂਸ ਦੇ ਸਰਕਾਰੀ ਟੈਲੀਵਿਜ਼ਨ ਨੈੱਟਵਰਕ ਰਸ਼ੀਆ ਟੂਡੇ (ਆਰਟੀ) ਨੇ ਆਪਣੇ ਐਕਸ ਹੈਂਡਲ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਇੱਕ ਮਰੀਜ਼ ਦੀ ਸਰਜਰੀ ਕਰ ਰਹੇ ਹਨ ਅਤੇ ਜਿਵੇਂ ਹੀ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ, ਨੇੜੇ ਬੈਠਾ ਇੱਕ ਹੋਰ ਡਾਕਟਰ ਵੀ ਮਰੀਜ਼ ਦੀ ਰੱਖਿਆ ਲਈ ਸਰਜਰੀ ਬੈੱਡ ਦੇ ਨੇੜੇ ਆ ਜਾਂਦਾ ਹੈ।

 

ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ ਦੀਆਂ 16 ਥਾਵਾਂ 'ਤੇ ਸੁਨਾਮੀ, ਕਈ ਦੇਸ਼ਾਂ 'ਚ ਅਲਰਟ ਜਾਰੀ

ਸੀ.ਸੀ.ਟੀ.ਵੀ ਵਿੱਚ ਕੈਦ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭੂਚਾਲ ਦੇ ਤੇਜ਼ ਝਟਕਿਆਂ ਦੇ ਬਾਵਜੂਦ ਵੀ ਡਾਕਟਰ ਮਰੀਜ਼ ਦੀ ਸਰਜਰੀ ਜਾਰੀ ਰੱਖਦਾ ਹੈ ਅਤੇ ਹੋਰ ਡਾਕਟਰ ਉਸਦੀ ਸੁਰੱਖਿਆ ਲਈ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖਦਾ ਹੈ। ਭੂਚਾਲ ਦੇ ਤੇਜ਼ ਝਟਕਿਆਂ ਦੇ ਬਾਵਜੂਦ ਵੀ ਡਾਕਟਰ ਜਿਸ ਸ਼ਾਂਤੀ ਨਾਲ ਆਪਣਾ ਕੰਮ ਕਰਦਾ ਰਿਹਾ, ਉਸਦੀ ਹੁਣ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਆਰਟੀ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਪੋਸਟ ਵਿੱਚ ਕਿਹਾ ਗਿਆ ਹੈ ਕਿ ਸਾਰੇ ਡਾਕਟਰ ਭੂਚਾਲ ਖਤਮ ਹੋਣ ਤੱਕ ਮਰੀਜ਼ ਦੇ ਕੋਲ ਖੜ੍ਹੇ ਰਹੇ ਅਤੇ ਸਰਜਰੀ ਪੂਰੀ ਕੀਤੀ। ਰੂਸੀ ਸਿਹਤ ਮੰਤਰਾਲੇ ਨੇ ਵੀ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮਰੀਜ਼ ਦੀ ਸਰਜਰੀ ਸਫਲ ਰਹੀ ਅਤੇ ਹੁਣ ਉਹ ਚੰਗੀ ਹਾਲਤ ਵਿੱਚ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਰੂਸੀ ਡਾਕਟਰਾਂ ਦੇ ਇਸ ਜਜ਼ਬੇ ਨੂੰ ਸਲਾਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਹਾਦਰ ਕਹਿ ਰਹੇ ਹਨ।

ਹਰ ਪਾਸੇ ਭਾਰੀ ਤਬਾਹੀ

ਕੈਮਚੈਟਕਾ ਵਿੱਚ ਆਏ ਭੂਚਾਲ ਕਾਰਨ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਾਲਾਂਕਿ ਜਾਨੀ ਨੁਕਸਾਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ ਗਏ ਹਨ। ਖੇਤਰੀ ਅਧਿਕਾਰੀਆਂ ਅਤੇ ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਸੁਨਾਮੀ ਦੀਆਂ ਲਹਿਰਾਂ ਪਹਿਲਾਂ ਕੈਮਚੈਟਕਾ ਦੇ ਕੁਝ ਹਿੱਸਿਆਂ ਵਿੱਚ ਆਈਆਂ, ਜਿਸ ਨਾਲ ਸੇਵੇਰੋ-ਕੁਰਿਲਸਕ ਸ਼ਹਿਰ ਵਿੱਚ ਇੱਕ ਬੰਦਰਗਾਹ ਅਤੇ ਇੱਕ ਮੱਛੀ ਪ੍ਰੋਸੈਸਿੰਗ ਪਲਾਂਟ ਅੰਸ਼ਕ ਤੌਰ 'ਤੇ ਡੁੱਬ ਗਿਆ ਅਤੇ ਜਹਾਜ਼ ਨੇੜੇ ਹੀ ਲੰਗਰ ਲਗਾ ਦਿੱਤੇ ਗਏ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News