ਡ੍ਰੇਕ ਦੇ 800 ਕਰੋੜ ਦੇ ਘਰ 'ਚ ਭਰਿਆ ਪਾਣੀ, ਸ਼ੇਅਰ ਕੀਤੀ ਵੀਡੀਓ

Wednesday, Jul 17, 2024 - 10:11 PM (IST)

ਇੰਟਰਨੈਸ਼ਨਲ ਡੈਸਕ- ਮੀਂਹ ਦੌਰਾਨ ਦੌਰਾਨ ਦੇਸ਼ ਭਰ ਤੋਂ ਹੜ੍ਹ ਅਤੇ ਪਾਣੀ ਭਰਨ ਦੀਆਂ ਖਬਰਾਂ ਆ ਰਹੀਆਂ ਹਨ। ਪਰ ਦੂਜੇ ਪਾਸੇ ਪ੍ਰਸਿੱਧ ਅੰਤਰਰਾਸ਼ਟਰੀ ਰੈਪਰ ਡ੍ਰੇਕ ਨੂੰ ਵੀ ਮੀਂਹ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕੈਨੇਡੀਅਨ ਗਾਇਕ-ਰੈਪਰ ਡ੍ਰੇਕ ਦੁਨੀਆ ਭਰ ਵਿਚ ਸਭ ਤੋਂ ਪ੍ਰਸਿੱਧ ਹਸਤੀਆਂ ਵਿਚੋਂ ਇੱਕ ਹੈ। ਹੁਣ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਸ਼ਾਨਦਾਰ ਘਰ ਮੀਂਹ ਦੇ ਪਾਣੀ ਨਾਲ ਭਰ ਗਿਆ ਹੈ।

 

 

ਡ੍ਰੇਕ ਦਾ ਇਹ ਆਲੀਸ਼ਾਨ ਮੈਨਸ਼ਨ ਟੋਰਾਂਟੋ, ਕੈਨੇਡਾ ਵਿੱਚ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਘਰ ਦੇ ਅੰਦਰ ਮੀਂਹ ਦਾ ਪਾਣੀ ਭਰਦਾ ਨਜ਼ਰ ਆ ਰਿਹਾ ਹੈ।

ਮੀਂਹ ਦੇ ਪਾਣੀ ਨਾਲ ਭਰਿਆ 800 ਕਰੋੜ ਦਾ ਘਰ
ਡ੍ਰੇਕ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਘਰ ਪਾਣੀ ਨਾਲ ਭਰਿਆ ਨਜ਼ਰ ਆ ਰਿਹਾ ਹੈ ਅਤੇ ਇਕ ਵਿਅਕਤੀ ਪਾਣੀ ਦੀ ਨਿਕਾਸੀ ਦੀ ਅਸਫਲ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਵੀਡੀਓ ਦੇ ਨਾਲ ਕੈਪਸ਼ਨ ਵਿਚ ਡਰੇਕ ਨੇ ਮਜ਼ਾਕ ਵਿੱਚ ਲਿਖਿਆ ਕਿ ਇਹ ਇੱਕ ਐਸਪ੍ਰੇਸੋ ਮਾਰਟੀਨੀ ਹੋਣੀ ਚਾਹੀਦੀ ਹੈ!

ਡ੍ਰੇਕ ਨੇ ਇਹ ਮੈਨਸ਼ਨ 2018 ਵਿੱਚ ਖਰੀਦਿਆ ਸੀ ਅਤੇ ਇਹ ਉਸ ਖੇਤਰ ਵਿਚ ਹੈ ਜਿਸ ਨੂੰ 'ਮਿਲੀਅਨੇਅਰ ਰੋਅ' ਯਾਨੀ ਕਰੋੜਪਤੀ ਲੇਨ ਕਿਹਾ ਜਾਂਦਾ ਹੈ। ਉਸ ਨੇ ਇਸ ਦੀ ਪੂਰੀ ਤਰ੍ਹਾਂ ਮੁਰੰਮਤ ਕਰਵਾਈ ਅਤੇ ਮੁੜ ਡਿਜ਼ਾਈਨ ਕੀਤਾ ਅਤੇ ਇਸ ਦਾ ਨਾਂ 'ਦ ਅੰਬੈਸੀ' ਰੱਖਿਆ। ਰਿਪੋਰਟਾਂ ਦੱਸਦੀਆਂ ਹਨ ਕਿ ਡ੍ਰੇਕ ਦੇ ਇਸ ਸ਼ਾਨਦਾਰ ਘਰ ਦੀ ਕੀਮਤ 100 ਮਿਲੀਅਨ ਡਾਲਰ (800 ਕਰੋੜ ਰੁਪਏ) ਤੋਂ ਵੱਧ ਹੈ।

ਕੈਨੇਡਾ ਵਿਚ ਮੀਂਹ ਦਾ ਕਹਿਰ
ਟੋਰਾਂਟੋ ਵਿਚ ਤਿੰਨ ਤੂਫਾਨਾਂ ਤੋਂ ਬਾਅਦ ਰਿਕਾਰਡ ਬਾਰਿਸ਼ ਹੋਈ ਹੈ ਅਤੇ ਸ਼ਹਿਰ ਵਿਚ ਬਿਜਲੀ ਸਪਲਾਈ ਵੀ ਕੱਟ ਦਿੱਤੀ ਗਈ ਹੈ। ਭਾਰੀ ਮੀਂਹ ਕਾਰਨ ਲੋਕਾਂ ਦੇ ਪ੍ਰੇਸ਼ਾਨ ਹੋਣ ਦੀਆਂ ਖਬਰਾਂ ਹਨ। ਰਿਪੋਰਟਾਂ ਦੱਸਦੀਆਂ ਹਨ ਕਿ ਟੋਰਾਂਟੋ ਵਿਚ, ਸਿਰਫ਼ 4 ਘੰਟਿਆਂ ਦੇ ਸਮੇਂ ਵਿੱਚ ਪੂਰੇ ਜੁਲਾਈ ਮਹੀਨੇ ਵਿੱਚ ਹੋਈ ਬਾਰਸ਼ ਨਾਲੋਂ ਜ਼ਿਆਦਾ ਮੀਂਹ ਪਿਆ ਹੈ। ਇਸ ਤੇਜ਼ ਬਾਰਿਸ਼ ਕਾਰਨ ਹਾਈਵੇਅ ਅਤੇ ਸੜਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਹਜ਼ਾਰਾਂ ਲੋਕ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ।

ਟੋਰਾਂਟੋ ਸਟਾਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੋਰਾਂਟੋ, ਕੈਨੇਡਾ ਵਿਚ ਮੰਗਲਵਾਰ ਨੂੰ 1938 ਤੋਂ ਬਾਅਦ ਸਭ ਤੋਂ ਜ਼ਿਆਦਾ ਮੀਂਹ ਪਿਆ ਅਤੇ ਉੱਥੇ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੰਗਲਵਾਰ, 16 ਜੁਲਾਈ, ਨੂੰ ਅਧਿਕਾਰਤ ਤੌਰ 'ਤੇ ਟੋਰਾਂਟੋ ਦੇ ਇਤਿਹਾਸ ਵਿੱਚ ਪੰਜਵਾਂ ਸਭ ਤੋਂ ਭਾਰੀ ਬਰਸਾਤ ਵਾਲਾ ਦਿਨ ਦੱਸਿਆ ਗਿਆ ਹੈ। ਟੋਰਾਂਟੋ ਦੇ ਨਾਲ-ਨਾਲ ਕਈ ਹੋਰ ਇਲਾਕਿਆਂ ਦਾ ਵੀ ਮੀਂਹ ਕਾਰਨ ਬੁਰਾ ਹਾਲ ਹੈ। ਪੁਲਸ ਨੇ ਕਈ ਇਲਾਕਿਆਂ 'ਚ ਹੜ੍ਹ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ।


DILSHER

Content Editor

Related News