''ਸੱਤਿਆਜੀਤ ਰੇਅ ਦੇ ਜੱਦੀ ਘਰ ਨੂੰ ਨਾ ਤੋੜੋ, ਅਸੀਂ ਬਣਾਵਾਂਗੇ ਮਿਊਜ਼ੀਅਮ'', ਭਾਰਤ ਨੇ ਬੰਗਲਾਦੇਸ਼ ਨੂੰ ਕੀਤੀ ਅਪੀਲ
Wednesday, Jul 16, 2025 - 09:43 AM (IST)

ਢਾਕਾ : ਬੰਗਲਾਦੇਸ਼ ਵਿੱਚ ਬੰਗਾਲ ਦੀਆਂ ਤਿੰਨ ਪੀੜ੍ਹੀਆਂ ਦੀਆਂ ਸਤਿਕਾਰਤ ਸਾਹਿਤਕ ਅਤੇ ਸੱਭਿਆਚਾਰਕ ਸ਼ਖਸੀਅਤਾਂ ਨਾਲ ਜੁੜਿਆ ਇੱਕ ਘਰ ਢਾਹਿਆ ਜਾ ਰਿਹਾ ਹੈ, ਜਿਸ 'ਤੇ ਭਾਰਤ ਸਰਕਾਰ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਹ ਇਮਾਰਤ ਬੰਗਲਾਦੇਸ਼ ਦੇ ਮੈਮਨਸਿੰਘ ਸ਼ਹਿਰ ਵਿੱਚ ਸਥਿਤ ਪ੍ਰਸਿੱਧ ਬਾਲ ਲੇਖਕ ਅਤੇ ਪ੍ਰਕਾਸ਼ਕ ਉਪੇਂਦਰਕਿਸ਼ੋਰ ਰੇਅ ਦਾ ਜੱਦੀ ਘਰ ਹੈ। ਉਪੇਂਦਰਕਿਸ਼ੋਰ ਕਵੀ ਸੁਕੁਮਾਰ ਰੇਅ ਦੇ ਪਿਤਾ ਅਤੇ ਮਹਾਨ ਫਿਲਮ ਨਿਰਮਾਤਾ ਸੱਤਿਆਜੀਤ ਰੇਅ ਦੇ ਦਾਦਾ ਸਨ। ਇਹ ਜਾਇਦਾਦ ਵਰਤਮਾਨ ਵਿੱਚ ਬੰਗਲਾਦੇਸ਼ ਸਰਕਾਰ ਦੀ ਮਲਕੀਅਤ ਹੈ।
ਭਾਰਤ ਨੇ ਮੰਗਲਵਾਰ ਨੂੰ ਬੰਗਲਾਦੇਸ਼ ਨੂੰ ਇਮਾਰਤ ਨੂੰ ਢਾਹੁਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਬੰਗਲਾਦੇਸ਼ ਸਰਕਾਰ ਨੂੰ ਦੱਸਿਆ ਕਿ ਇਹ ਘਰ ਬੰਗਾਲੀ ਸੱਭਿਆਚਾਰਕ ਪੁਨਰਜਾਗਰਣ ਨਾਲ ਜੁੜਿਆ ਇੱਕ ਇਤਿਹਾਸਕ ਸਥਾਨ ਹੈ। ਇਮਾਰਤ ਦਾ ਨਵੀਨੀਕਰਨ ਕੀਤਾ ਜਾ ਸਕਦਾ ਹੈ ਅਤੇ ਸਾਂਝੀ ਵਿਰਾਸਤ ਦਾ ਜਸ਼ਨ ਮਨਾਉਣ ਵਾਲੇ ਸਾਹਿਤਕ ਅਜਾਇਬ ਘਰ ਵਿੱਚ ਬਦਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਟਰੰਪ ਸਮਰਥਕ ਕ੍ਰਿਪਟੋ ਬਿੱਲ ਨੂੰ ਵੱਡਾ ਝਟਕਾ, ਅਮਰੀਕੀ ਸੰਸਦ 'ਚ ਨਹੀਂ ਹੋ ਸਕਿਆ ਪਾਸ
ਮਿਊਜ਼ੀਅਮ ਬਣਾਉਣ 'ਚ ਭਾਰਤ ਸਰਕਾਰ ਮਦਦ ਲਈ ਤਿਆਰ
ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਸਰਕਾਰ ਨੂੰ ਇਹ ਵੀ ਕਿਹਾ ਕਿ ਜੇਕਰ ਇਸ ਇਮਾਰਤ ਦੇ ਨਵੀਨੀਕਰਨ 'ਤੇ ਆਪਣੇ ਪਾਸਿਓਂ ਵਿਚਾਰ ਕੀਤਾ ਜਾਂਦਾ ਹੈ ਤਾਂ ਭਾਰਤ ਸਰਕਾਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਯਾਦਾਂ ਨਾਲ ਭਰੀ ਅਜਿਹੀ ਜਗ੍ਹਾ ਨੂੰ ਢਾਹ ਦੇਣਾ ਦਿਲ ਦਹਿਲਾਉਣ ਵਾਲਾ ਹੈ। ਉਨ੍ਹਾਂ ਨੇ ਬੰਗਲਾਦੇਸ਼ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਇਸ ਇਤਿਹਾਸਕ ਸਥਾਨ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਣ ਦਾ ਸੱਦਾ ਦਿੱਤਾ ਅਤੇ ਰੇਅ ਪਰਿਵਾਰ ਨੂੰ ਬੰਗਾਲ ਦੀ ਸੱਭਿਆਚਾਰਕ ਵਿਰਾਸਤ ਦੇ ਮੋਢੀ ਦੱਸਿਆ।
ਦੱਸਣਯੋਗ ਹੈ ਕਿ ਸੱਤਿਆਜੀਤ ਰੇਅ ਨੂੰ ਵਿਸ਼ਵ ਸਿਨੇਮਾ ਦੇ ਮਹਾਨ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਕ ਫਿਲਮ ਨਿਰਦੇਸ਼ਕ ਹੋਣ ਤੋਂ ਇਲਾਵਾ ਉਹ ਇੱਕ ਲੇਖਕ, ਸੰਗੀਤਕਾਰ ਅਤੇ ਚਿੱਤਰਕਾਰ ਵੀ ਸਨ। ਬੰਗਲਾਦੇਸ਼ ਵਿੱਚ ਸਤਿਆਜੀਤ ਰੇਅ ਦਾ ਜੱਦੀ ਘਰ ਲਗਭਗ 100 ਸਾਲ ਪਹਿਲਾਂ ਉਨ੍ਹਾਂ ਦੇ ਦਾਦਾ ਉਪੇਂਦਰ ਕਿਸ਼ੋਰ ਰੇਅ ਨੇ ਬਣਾਇਆ ਸੀ। 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਇਹ ਜਾਇਦਾਦ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਦੇ ਅਧੀਨ ਆ ਗਈ ਸੀ। ਪੂਰਬੀ ਪਾਕਿਸਤਾਨ ਉਸ ਸਮੇਂ ਪਾਕਿਸਤਾਨ ਦਾ ਹਿੱਸਾ ਸੀ। ਭਾਰਤ ਨਾਲ 1971 ਦੀ ਜੰਗ ਵਿੱਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਪੂਰਬੀ ਪਾਕਿਸਤਾਨ ਬੰਗਲਾਦੇਸ਼ ਦੇ ਰੂਪ ਵਿੱਚ ਇੱਕ ਨਵਾਂ ਦੇਸ਼ ਬਣ ਗਿਆ।
ਇਹ ਵੀ ਪੜ੍ਹੋ : ਟਰੰਪ ਦੇ 100% ਟੈਰਿਫ ਦੀ ਧਮਕੀ 'ਤੇ ਭੜਕਿਆ ਰੂਸ, ਵਿਦੇਸ਼ ਮੰਤਰੀ ਬੋਲੇ- 'ਅਸੀਂ ਤਿਆਰ ਹਾਂ...'
ਘਰ ਨੂੰ ਢਾਹ ਕੇ ਇੱਕ ਸ਼ਿਸ਼ੂ ਅਕੈਡਮੀ ਬਣਾਉਣ ਦੀ ਯੋਜਨਾ ਹੈ। ਇਹ ਘਰ ਖੰਡਰ ਹਾਲਤ ਵਿੱਚ ਸੀ ਅਤੇ ਲਗਭਗ ਇੱਕ ਦਹਾਕੇ ਤੱਕ ਅਣਵਰਤਿਆ ਪਿਆ ਸੀ। ਪਹਿਲਾਂ ਇਸ ਵਿੱਚ ਮੈਮਨਸਿੰਘ ਸ਼ਿਸ਼ੂ ਅਕੈਡਮੀ ਹੁੰਦੀ ਸੀ, ਪਰ ਬਾਅਦ ਵਿੱਚ ਇਸ ਨੂੰ ਛੱਡ ਦਿੱਤਾ ਗਿਆ। ਇੱਕ ਬੰਗਲਾਦੇਸ਼ੀ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਨਵੀਂ ਯੋਜਨਾ ਵਿੱਚ ਸ਼ਿਸ਼ੂ ਅਕੈਡਮੀ ਦੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਲਈ ਉਸ ਜਗ੍ਹਾ 'ਤੇ ਇੱਕ ਨਵੀਂ ਇਮਾਰਤ ਬਣਾਉਣ ਦਾ ਪ੍ਰਸਤਾਵ ਹੈ। ਇਸ ਲਈ ਪੁਰਾਣੀ ਇਮਾਰਤ ਨੂੰ ਢਾਹਿਆ ਜਾਣਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8