ਈਰਾਨ 'ਚ ਬੇਰਹਿਮੀ ਦੀ ਹੱਦ ਪਾਰ, ਧੀ ਹੱਥੋਂ ਮਾਂ ਨੂੰ ਦਿਵਾਈ ਗਈ 'ਫਾਂਸੀ'
Tuesday, Aug 30, 2022 - 04:40 PM (IST)
ਤਹਿਰਾਨ (ਬਿਊਰੋ): ਈਰਾਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਧੀ ਨੂੰ ਜ਼ਬਰਦਸਤੀ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਮਜਬੂਰ ਕੀਤਾ ਗਿਆ। ਇਸ ਧੀ ਨੂੰ ਉਸ ਕੁਰਸੀ 'ਤੇ ਧੱਕਾ ਦੇਣ ਲਈ ਕਿਹਾ ਗਿਆ, ਜਿਸ 'ਤੇ ਉਸ ਦੀ ਮਾਂ ਖੜ੍ਹੀ ਸੀ। ਜਿਸ ਤੋਂ ਬਾਅਦ ਉਹ ਫਾਂਸੀ ਦੇ ਤਖਤੇ 'ਤੇ ਚੜ੍ਹ ਗਈ। ਈਰਾਨ ਦੀ ਤਾਨਾਸ਼ਾਹ ਹਕੂਮਤ ਵੱਲੋਂ ਇੱਕ ਵਾਰ ਫਿਰ ਵਹਿਸ਼ੀਆਨਾ ਸਜ਼ਾਵਾਂ ਦੇਣ ਦੇ ਇਸ ਮਾਮਲੇ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਔਰਤ ਦਾ ਨਾਂ ਮਰੀਅਮ ਕਰੀਮੀ ਦੱਸਿਆ ਜਾ ਰਿਹਾ ਹੈ ਅਤੇ 13 ਸਾਲ ਪਹਿਲਾਂ ਉਸ ਨੂੰ ਆਪਣੇ ਪਤੀ ਦੀ ਜਾਨ ਲੈਣ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਔਰਤ ਨੇ ਆਪਣੇ ਪਤੀ ਨੂੰ ਮਾਰਿਆ ਸੀ ਜੋ ਉਸ ਨੂੰ ਕੁੱਟਦਾ ਸੀ ਅਤੇ ਤਸੀਹੇ ਦਿੰਦਾ ਸੀ।
ਜਾਣੋ ਪੂਰਾ ਮਾਮਲਾ
ਸਥਾਨਕ ਮੀਡੀਆ ਵੱਲੋਂ ਦੱਸਿਆ ਗਿਆ ਕਿ ਇਸ ਔਰਤ ਦਾ ਪਤੀ ਉਸ ਨੂੰ ਤਲਾਕ ਦੇਣ ਲਈ ਤਿਆਰ ਨਹੀਂ ਸੀ। ਔਰਤ ਦੇ ਪਿਤਾ ਅਬ੍ਰਾਹਮ ਨੇ ਉਸ ਨੂੰ ਧੀ ਨੂੰ ਤਲਾਕ ਦੇਣ ਲਈ ਮਨਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਪਿਤਾ ਨੇ ਆਪਣੀ ਧੀ ਦੀ ਮਦਦ ਕੀਤੀ ਤਾਂ ਜੋ ਉਹ ਆਪਣੇ ਪਤੀ ਨੂੰ ਮਾਰ ਸਕੇ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਸਮੇਂ 6 ਸਾਲ ਦੀ ਮਾਸੂਮ ਧੀ ਆਪਣੇ ਦਾਦਾ-ਦਾਦੀ ਕੋਲ ਰਹਿਣ ਲਈ ਮਜਬੂਰ ਹੋ ਗਈ। ਦਾਦਾ-ਦਾਦੀ ਨੇ ਆਪਣੀ ਪੋਤੀ ਨੂੰ ਦੱਸਿਆ ਸੀ ਕਿ ਉਹ ਹੁਣ ਅਨਾਥ ਹੋ ਗਈ ਹੈ। ਉਸ ਸਮੇਂ ਤੋਂ ਕੁਝ ਹਫ਼ਤੇ ਪਹਿਲਾਂ ਜਦੋਂ ਮਰੀਅਮ ਨੂੰ ਫਾਂਸੀ ਦਿੱਤੀ ਜਾਣੀ ਸੀ, ਉਦੋਂ ਉਸ ਤੋਂ ਲੁਕੋ ਕੇ ਰੱਖੀ ਗਈ ਸੱਚਾਈ ਉਸ ਦੇ ਸਾਹਮਣੇ ਆਈ। ਹੁਣ ਧੀ ਦੀ ਉਮਰ ਹੁਣ 19 ਸਾਲ ਹੈ। ਇਸੇ ਸਾਲ 13 ਮਾਰਚ ਨੂੰ ਧੀ ਨੇ ਈਰਾਨ ਦੀ ਰਾਸ਼ਟ ਸੈਂਟਰਲ ਜੇਲ੍ਹ ਵਿੱਚ ਆਪਣੀ ਮਾਂ ਨੂੰ ਫਾਂਸੀ ਦੇ ਦਿੱਤੀ ਸੀ।
ਮਾਂ ਨੂੰ ਮੁਆਫੀ ਦੇਣ ਤੋਂ ਇਨਕਾਰ
ਧੀ ਨੇ ਮਾਂ ਮਰੀਅਮ ਦੇ ਪੈਰਾਂ ਹੇਠੋਂ ਉਹ ਕੁਰਸੀ ਖਿੱਚ ਲਈ ਸੀ ਜਿਸ 'ਤੇ ਉਹ ਖੜ੍ਹੀ ਸੀ। ਈਰਾਨ ਇੰਟਰਨੈਸ਼ਨਲ ਟੀਵੀ ਦੀ ਰਿਪੋਰਟ ਮੁਤਾਬਕ ਧੀ ਨੇ ਮਾਂ ਨੂੰ ਮੁਆਫ਼ ਕਰਨ ਜਾਂ ਬਲੱਡ ਮਨੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਮਰੀਅਮ 'ਤੇ ਬਦਲਾ ਲੈਣ ਦਾ ਦੋਸ਼ ਸੀ, ਜਿਸ ਨੂੰ ਈਰਾਨ 'ਚ ਕਿਸਾਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਸਾਸ ਦੇ ਤਹਿਤ, ਫਾਂਸੀ ਦੇ ਸਮੇਂ ਪੀੜਤ ਦੇ ਬੱਚੇ ਦਾ ਮੌਜੂਦ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਉਨ੍ਹਾਂ ਨੂੰ ਖੁਦ ਸਜ਼ਾ ਪੂਰੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਰਾਕ 'ਚ ਜਾਰੀ ਸੰਘਰਸ਼ 'ਚ 15 ਲੋਕਾਂ ਦੀ ਮੌਤ, 350 ਤੋਂ ਵੱਧ ਜ਼ਖਮੀ (ਤਸਵੀਰਾਂ)
ਈਰਾਨ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰੀਅਮ ਦੀ ਧੀ ਤੋਂ ਸੱਚਾਈ ਲੁਕੋਈ ਗਈ ਸੀ। ਜਦੋਂ ਇਹ ਗੱਲ ਸਾਹਮਣੇ ਆਈ ਤਾਂ ਉਹ ਆਪਣੀ ਮਾਂ ਨੂੰ ਨਫ਼ਰਤ ਕਰਨ ਲੱਗੀ। ਉਨ੍ਹਾਂ ਕਿਸਾਸ ਨੂੰ ਵੀ ਅਣਮਨੁੱਖੀ ਵੀ ਕਰਾਰ ਦਿੱਤਾ ਹੈ। ਸਾਲ 2019 ਵਿੱਚ 225 ਲੋਕਾਂ ਨੂੰ ਕਿਸਾਸ ਦੇ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਵਿੱਚੋਂ 68 ਜੇਲ੍ਹ ਵਿੱਚ ਪੂਰੀਆਂ ਕੀਤੀਆਂ ਗਈਆਂ, ਜਦੋਂ ਕਿ 4 ਕੇਸ ਅਜਿਹੇ ਸਨ, ਜਿਨ੍ਹਾਂ ਵਿੱਚ ਇੱਕ ਬੱਚੇ ਦੇ ਹੱਥੋਂ ਫਾਂਸੀ ਦਿਵਾਈ ਗਈ। ਇਨ੍ਹਾਂ ਚਾਰਾਂ ਮਾਮਲਿਆਂ ਵਿੱਚ ਬੱਚੇ ਨਾਬਾਲਗ ਸਨ।