ਅਮਰੀਕਾ ''ਚ ਬੰਨ੍ਹ ਟੁੱਟਣ ਦਾ ਖ਼ਤਰਾ, ਪੰਜਾਬੀਆਂ ਨੂੰ ਛੱਡਣੇ ਪਏ ਘਰ, ਲੋੜਵੰਦਾਂ ਲਈ ਗੁਰੂ ਘਰਾਂ ''ਚ ਲੰਗਰ

02/15/2017 1:51:34 PM

ਵਾਸ਼ਿੰਗਟਨ— ਅਮਰੀਕਾ ਦੇ ਸਭ ਤੋਂ ਉੱਚੇ ਅਤੇ ਵਿਸ਼ਾਲ ਡੈਮ ਦੇ ਟੁੱਟਣ ਦਾ ਖ਼ਤਰਾ ਬਣਨ ਕਰਕੇ ਹਜ਼ਾਰਾਂ ਪੰਜਾਬੀਆਂ ਨੂੰ ਆਪਣੇ ਵੱਸਦੇ-ਰੱਸਦੇ ਘਰ ਛੱਡ ਕੇ ਸੁਰੱਖਿਅਤ ਥਾਂਵਾਂ ''ਤੇ ਸ਼ਰਣ ਲੈਣ ਲਈ ਮਜਬੂਰ ਹੋਣਾ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਕਟਕਾਲੀਨ ਸਿਸਟਮ ਦੇ ਫੇਲ ਹੋਣ ਅਤੇ ਪਾਣੀ ਦੇ ਓਵਰਫਲੋਅ ਕਾਰਨ ਕੈਲੀਫੋਰਨੀਆ ਸੂਬੇ ''ਚ ਬਣੇ ਓਰਵਿਲੇ ਡੈਮ ਦਾ ਬੰਨ੍ਹ ਕਦੇ ਵੀ ਟੁੱਟ ਸਕਦਾ ਹੈ। ਇਸ ਕਾਰਨ ਅਮਰੀਕਾ ''ਚ ਸਿੱਖਾਂ ਦੀ ਸਭ ਤੋਂ ਵਧ ਆਬਾਦੀ ਵਾਲੇ ਸ਼ਹਿਰ ਯੂਬਾ ਸਿਟੀ ਨੂੰ ਭਾਰੀ ਖ਼ਤਰਾ ਪੈਦਾ ਹੋ ਗਿਆ ਹੈ। ਇਸ ਸ਼ਹਿਰ ''ਚ ਸਿੱਖਾਂ ਦੀ ਗਿਣਤੀ 13 ਫੀਸਦੀ ਤੋਂ ਵਧ ਹੈ। ਇੰਨਾ ਹੀ ਨਹੀਂ, ਯੂਬਾ ਸਿਟੀ ''ਚ ਕਈ ਗੁਰਦੁਆਰੇ ਵੀ ਹਨ। ਬੰਨ੍ਹ ਟੁੱਟਣ ਦੇ ਡਰ ਕਾਰਨ ਪ੍ਰਸ਼ਾਸਨ ਨੇ ਯੂਬਾ ਸਿਟੀ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਜਿਵੇਂ ਕਿ ਹਾਲੀਵੁੱਡ, ਮੈਰੀਸ਼ਵਿਲੇ, ਲਿੰਡਾ ਅਤੇ ਪਲੂਮਾਸ ਲੇਕ ਨੂੰ ਖਾਲੀ ਕਰਵਾਉਣ ਦਾ ਹੁਕਮ ਦਿੱਤਾ ਹੈ। ਹੁਣ ਤੱਕ 188,000 ਹਜ਼ਾਰ ਦੇ ਕਰੀਬ ਲੋਕ ਇਨ੍ਹਾਂ ਇਲਾਕਿਆਂ ਨੂੰ ਖ਼ਾਲੀ ਕਰਕੇ ਜਾ ਚੁੱਕੇ ਹਨ। ਪ੍ਰਭਾਵਿਤਾਂ ''ਚ 20,000 ਪੰਜਾਬੀ ਵੀ ਹਨ। ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ਦੇ ਕਈ ਸਕੂਲਾਂ ਅਤੇ ਮਾਰਗਾਂ ਨੂੰ ਵੀ ਬੰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਓਰਵਿਲੇ ਡੈਮ ਦੀ ਉੱਚਾਈ  ਲਗਭਗ 800 ਫੁੱਟ ਹੈ। ਇਸ ਨੂੰ ਬਿਜਲੀ ਦੇ ਉਤਪਾਦਨ ਲਈ ਬਣਾਇਆ ਗਿਆ ਸੀ। ਇਸ ਨੂੰ ਬਣਾਉਣ ਦਾ ਕੰਮ 1961 ''ਚ ਸ਼ੁਰੂ ਹੋਇਆ ਅਤੇ ਇਹ 4 ਮਈ 1968 ਨੂੰ ਬਣ ਕੇ ਤਿਆਰ ਹੋਇਆ ਸੀ।
ਉੱਧਰ ਇਸ ਆਫਤ ਕਾਰਨ ਉੱਜੜੇ ਲੋਕਾਂ ਲਈ ਸੈਕਰਾਮੈਂਟੋ ਸ਼ਹਿਰ ਅਤੇ ਸੂਬੇ ਦੇ ਦੂਜੇ ਸ਼ਹਿਰਾਂ ''ਚ ਵੱਸਦੇ ਸਿੱਖਾਂ ਨੇ ਗੁਰਧਾਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਭਾਈਚਾਰੇ ਦੇ ਲੋਕ ਪੀੜਤਾਂ ਲਈ ਮੁਫਤ ਭੋਜਨ ਅਤੇ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰਾ ਸਾਹਿਬਾਨ ਅੰਦਰ ਕਰ ਰਹੇ ਹਨ। ਸਿੱਖਾਂ ਦਾ ਕਹਿਣਾ ਹੈ ਕਿ ਗੁਰਧਾਮਾਂ ਦੇ ਦਰਵਾਜ਼ੇ ਸਾਰੇ ਲੋਕਾਂ ਲਈ ਖੁੱਲ੍ਹੇ ਹਨ ਅਤੇ ਕੋਈ ਵੀ ਬਿਨਾਂ ਕਿਸੇ ਡਰ ਤੋਂ ਇੱਥੇ ਆ ਕੇ ਰਹਿ ਸਕਦਾ ਹੈ। ਇਹੀ ਨਹੀਂ, ਗੁਰਦੁਆਰਾ ਸਾਹਿਬਾਨ ਅੰਦਰ ਲੋਕਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਸੈਕਰਾਮੈਂਟੋ ਦੇ ਮੇਅਰ ਡੈਰੇਲ ਸਟੇਨਬਰਗ ਨੇ ਖ਼ੁਦ ਟਵੀਟ ਕਰਕੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉੱਜੜੇ ਲੋਕਾਂ ਲਈ ਸ਼ਹਿਰ ਦੇ ਗੁਰਦੁਆਰਾ ਸਾਹਿਬ ਪੂਰੀ ਤਰ੍ਹਾਂ ਖੁੱਲ੍ਹੇ ਹਨ ਅਤੇ ਉਨ੍ਹਾਂ ਲਈ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਬਾਰੇ ''ਚ ਗੱਲਬਾਤ ਕਰਦਿਆਂ ਸਮਾਜ ਸੇਵੀ ਹਰਸਿਮਰਨ ਸਿੰਘ ਸੰਗਰਾਮ ਨੇ ਦੱਸਿਆ ਕਿ ਲੋਕ ਗੁਰੂ ਘਰਾਂ ''ਚ ਪਹੁੰਚ ਰਹੇ ਹਨ ਅਤੇ ਸੰਕਟ ਦੀ ਇਸ ਘੜੀ ''ਚ ਸ਼ਰਣ ਲੈ ਰਹੇ ਹਨ। ਬਹੁਤ ਸਾਰੇ ਪੰਜਾਬੀ ਆਪਣੇ ਰਿਸ਼ਤੇਦਾਰਾਂ ਦੇ ਘਰਾਂ ''ਚ ਵੀ ਪਹੁੰਚੇ ਹੋਏ ਹਨ। ਹਰਸਿਮਰਨ ਨੇ ਦੱਸਿਆ ਕਿ ਇਸ ਇਲਾਕੇ ''ਚ ਕਰੀਬ 10 ਗੁਰਦੁਆਰੇ ਹਨ ਅਤੇ ਸਾਰਿਆਂ ''ਚ ਹਰ ਧਰਮ ਦੇ ਲੋਕ ਆ ਰਹੇ ਹਨ।
ਉੱਧਰ ਇਸ ਸੰਕਟ ਦੀ ਘੜੀ ''ਚ ਪੰਜਾਬੀਆਂ ਨੇ ਇੱਕ ਵਾਰ ਫਿਰ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਉਹ ਮੁਸੀਬਤ ''ਚ ਵੀ ਦੂਜਿਆਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ ਹਨ। ਬੰਨ੍ਹ ''ਚ ਪਾੜ ਪੈਣ ਨਾਲ ਪ੍ਰਭਾਵਿਤ ਹੋਏ ਲੋਕਾਂ ''ਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ ਪਰ ਇਸ ਦੇ ਬਾਵਜੂਦ ਵੀ ਉਹ ਸਥਾਨਕ ਲੋਕਾਂ ਲਈ ਰਿਹਾਇਸ਼ ਅਤੇ ਭੋਜਨ ਉਪਲੱਬਧ ਕਰਾ ਕੇ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਸੋਸ਼ਲ ਮੀਡੀਆ ''ਤੇ ਪੰਜਾਬੀਆਂ ਦੀ ਇਸ ਖਾਸੀਅਤ ਦੀ ਅੰਗਰੇਜ਼ਾਂ ਵਲੋਂ ਖੂਬ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਪੰਜਾਬੀ ਉਨ੍ਹਾਂ ਦੇ ਦੇਸ਼ ''ਚ ਦੂਜੇ ਦੇਸ਼ ਤੋਂ ਆ ਕੇ ਵੱਸੇ ਹਨ। ਸੰਕਟ ਦੀ ਇਸ ਘੜੀ ''ਚ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਸੀ ਪਰ ਇਸ ਦੇ ਉਲਟ ਉਨ੍ਹਾਂ ਨੇ ਸਾਡੀ ਮਦਦ ਕਰਕੇ ਆਪਣੀ ਮਹਾਨਤਾ ਸਾਬਤ ਕੀਤੀ ਹੈ। ਪੰਜਾਬੀ ਇੱਥੋਂ ਲੈ ਤਾਂ ਬਹੁਤ ਘੱਟ ਰਹੇ ਨੇ ਪਰ ਦੇ ਬਹੁਤ ਕੁਝ ਰਹੇ ਨੇ।

Related News