ਤੂਫ਼ਾਨ ਚਿਡੋ ਨੇ ਮਾਇਓਟ ''ਚ ਮਚਾਈ ਤਬਾਹੀ, 1000 ਤੋਂ ਵੱਧ ਲੋਕਾਂ ਦੀ ਮੌਤ, ਕਈ ਇਲਾਕੇ ਪੂਰੀ ਤਰ੍ਹਾਂ ਹੋਏ ਤਬਾਹ
Monday, Dec 16, 2024 - 03:16 AM (IST)
ਕੇਪਟਾਊਨ : ਹਿੰਦ ਮਹਾਸਾਗਰ ਦੇ ਟਾਪੂਆਂ ਨਾਲ ਟਕਰਾਉਣ ਵਾਲੇ ਗੰਭੀਰ ਖੰਡੀ ਚੱਕਰਵਾਤ ਨੇ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੈ। ਫਰਾਂਸ ਦੇ ਮਾਇਓਟ 'ਚ ਚੱਕਰਵਾਤ ਚਿਡੋ ਕਾਰਨ ਹਫੜਾ-ਦਫੜੀ ਮਚ ਗਈ ਹੈ। ਫਰਾਂਸ ਦੇ ਇਕ ਉੱਚ ਸਰਕਾਰੀ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਚੱਕਰਵਾਤ ਚਿਡੋ ਕਾਰਨ ਹੁਣ ਤੱਕ 1,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫ਼ਰੀਕਾ ਦੇ ਤੱਟ ਤੋਂ ਦੂਰ ਦੱਖਣ-ਪੂਰਬੀ ਹਿੰਦ ਮਹਾਸਾਗਰ ਵਿਚ ਸਥਿਤ ਮਾਇਓਟ, ਫਰਾਂਸ ਅਤੇ ਯੂਰਪੀਅਨ ਯੂਨੀਅਨ ਦਾ ਸਭ ਤੋਂ ਗਰੀਬ ਖੇਤਰ ਹੈ। ਅਧਿਕਾਰੀ ਮੁਤਾਬਕ ਇਹ 90 ਸਾਲਾਂ 'ਚ ਮਾਇਓਟ ਨਾਲ ਟਕਰਾਉਣ ਵਾਲਾ ਸਭ ਤੋਂ ਭਿਆਨਕ ਚੱਕਰਵਾਤ ਹੈ।
ਮਾਇਓਟ ਪ੍ਰੀਫੈਕਟ ਫ੍ਰਾਂਕੋਇਸ-ਜੇਵੀਅਰ ਬਿਊਵਿਲ ਨੇ ਟੀਵੀ ਚੈਨਲ ਮਾਇਓਟ ਲ'ਆਇਰ ਨਾਲ ਗੱਲਬਾਤ ਦੌਰਾਨ ਚੱਕਰਵਾਤ ਕਾਰਨ ਹੋਈ ਤਬਾਹੀ ਬਾਰੇ ਜਾਣਕਾਰੀ ਦਿੱਤੀ। ਉਸ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸੈਂਕੜੇ ਲੋਕ ਮਾਰੇ ਗਏ ਹਨ, ਹੋ ਸਕਦਾ ਹੈ ਕਿ ਇਹ ਗਿਣਤੀ ਇਕ ਹਜ਼ਾਰ ਦੇ ਕਰੀਬ ਪਹੁੰਚ ਜਾਵੇ।' ਉਨ੍ਹਾਂ ਕਿਹਾ ਕਿ ਹਿੰਦ ਮਹਾਸਾਗਰ ਦੇ ਟਾਪੂਆਂ 'ਤੇ ਆਏ ਭਿਆਨਕ ਤੂਫ਼ਾਨ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਇਜ਼ਰਾਈਲ ਨੇ ਆਇਰਲੈਂਡ 'ਚ ਆਪਣਾ ਦੂਤਘਰ ਬੰਦ ਕਰਨ ਦਾ ਕੀਤਾ ਐਲਾਨ, ਇਹ ਵਜ੍ਹਾ ਆਈ ਸਾਹਮਣੇ
ਮਾਇਓਟ ਸਿੱਧੇ ਚੱਕਰਵਾਤ ਦੇ ਰਸਤੇ 'ਚ ਪਿਆ
ਚੱਕਰਵਾਤ ਚਿਡੋ ਹੁਣ ਅਫਰੀਕਾ ਦੇ ਪੂਰਬੀ ਤੱਟ 'ਤੇ ਪਹੁੰਚ ਗਿਆ ਹੈ। ਰਾਹਤ ਸਹਾਇਤਾ ਏਜੰਸੀਆਂ ਨੇ ਉੱਤਰੀ ਮੋਜ਼ਾਮਬੀਕ ਵਿਚ ਵਿਆਪਕ ਜਾਨੀ ਨੁਕਸਾਨ ਅਤੇ ਜਾਇਦਾਦ ਨੂੰ ਗੰਭੀਰ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਹੈ। ਫਰਾਂਸ ਦੇ ਗ੍ਰਹਿ ਮੰਤਰੀ ਬਰੂਨੋ ਰਿਟੇਲੋ ਨੇ ਪੈਰਿਸ ਵਿਚ ਇਕ ਐਮਰਜੈਂਸੀ ਮੀਟਿੰਗ ਤੋਂ ਬਾਅਦ ਕਿਹਾ ਕਿ ਮਾਇਓਟ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਹੋਣ ਦਾ ਖਦਸ਼ਾ ਹੈ। ਇਹ ਚੱਕਰਵਾਤ ਦੱਖਣ-ਪੂਰਬੀ ਹਿੰਦ ਮਹਾਸਾਗਰ ਤੋਂ ਲੰਘਿਆ, ਜਿਸ ਨੇ ਕੋਮੋਰੋਸ ਅਤੇ ਮੈਡਾਗਾਸਕਰ ਨੂੰ ਵੀ ਪ੍ਰਭਾਵਿਤ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਮਾਇਓਟ ਚੱਕਰਵਾਤ ਦੇ ਸਿੱਧੇ ਰਸਤੇ ਵਿਚ ਪਿਆ ਅਤੇ ਸ਼ਨੀਵਾਰ ਨੂੰ ਭਾਰੀ ਨੁਕਸਾਨ ਹੋਇਆ। ਮਾਇਓਟ ਦੇ ਪ੍ਰੀਫੈਕਟ ਨੇ ਕਿਹਾ ਕਿ ਇਹ 90 ਸਾਲਾਂ ਵਿਚ ਮਾਇਓਟ ਵਿਚ ਆਉਣ ਵਾਲਾ ਸਭ ਤੋਂ ਭਿਆਨਕ ਚੱਕਰਵਾਤ ਸੀ। ਫਰਾਂਸ ਦੇ ਪ੍ਰਧਾਨ ਮੰਤਰੀ ਫ੍ਰੈਂਕੋਇਸ ਬੇਰੇਯੂ ਨੇ ਕਿਹਾ ਕਿ ਮਾਇਓਟ ਵਿਚ ਮੁੱਖ ਹਸਪਤਾਲ ਅਤੇ ਹਵਾਈ ਅੱਡੇ ਸਮੇਤ ਜਨਤਕ ਬੁਨਿਆਦੀ ਢਾਂਚੇ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੇ ਕਈ ਲੋਕਾਂ ਨੂੰ ਬਹੁਤ ਗੰਭੀਰ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-Trump ਨੇ ਕੀਤਾ ਮਾਣਹਾਨੀ ਦਾ ਕੇਸ, ਹੁਣ 127 ਕਰੋੜ ਰੁਪਏ ਦਾ ਭੁਗਤਾਨ ਕਰੇਗਾ ਚੈਨਲ
3 ਲੱਖ ਤੋਂ ਵੱਧ ਹੈ ਮਾਇਓਟ ਦੀ ਆਬਾਦੀ
ਫ੍ਰੈਂਚ ਮੌਸਮ ਸੇਵਾ ਅਨੁਸਾਰ, ਚਿਡੋ ਨੇ 220 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਹਵਾਵਾਂ ਚਲਾਈਆਂ, ਜਿਸ ਨਾਲ ਮਾਇਓਟ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਅਫ਼ਰੀਕਾ ਦੇ ਪੂਰਬੀ ਤੱਟ ਤੋਂ ਲਗਭਗ 800 ਕਿਲੋਮੀਟਰ ਦੂਰ ਦੋ ਮੁੱਖ ਟਾਪੂਆਂ ਵਿਚ ਫੈਲੇ ਮਾਇਓਟ ਦੀ ਆਬਾਦੀ 3 ਲੱਖ ਤੋਂ ਵੱਧ ਹੈ। ਕਈ ਥਾਵਾਂ 'ਤੇ ਸਾਰਾ ਇਲਾਕਾ ਤਬਾਹ ਹੋ ਗਿਆ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕਈ ਦਰੱਖਤ ਜੜ੍ਹੋਂ ਉਖੜ ਗਏ ਅਤੇ ਕਿਸ਼ਤੀਆਂ ਪਲਟ ਗਈਆਂ ਜਾਂ ਡੁੱਬ ਗਈਆਂ। ਇਸ ਦੇ ਨਾਲ ਹੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8