ਕੋਰੋਨਾ ਦਾ ਕਹਿਰ, ਕਿਊਬਾ ਪਹੁੰਚਣ ਵਾਲੇ ਸੈਲਾਨੀਆਂ ਲਈ ਜਾਰੀ ਕੀਤੇ ਗਏ ਖਾਸ ਨਿਰਦੇਸ਼
Sunday, Jan 31, 2021 - 11:05 AM (IST)
ਹਵਾਨਾ (ਭਾਸ਼ਾ): ਕਿਊਬਾ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਉਹ ਸਖ਼ਤ ਕਦਮ ਚੁੱਕਣਗੇ। ਇਸ ਦੇ ਤਹਿਤ ਇੱਥੇ ਆਉਣ ਵਾਲੇ ਸੈਲਾਨੀਆਂ ਅਤੇ ਹੋਰ ਲੋਕਾਂ ਨੂੰ ਉਦੋਂ ਤੱਕ ਆਪਣੇ ਖਰਚ 'ਤੇ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਜਦੋਂ ਤੱਕ ਕਿ ਜਾਂਚ ਵਿਚ ਇਹ ਪੁਸ਼ਟੀ ਨਹੀਂ ਹੋ ਜਾਂਦੀ ਕਿ ਉਹ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨਾਲ ਪੀੜਤ ਨਹੀਂ ਹਨ।
ਕਿਊਬਾ ਵਿਚ ਮਹਾਮਾਰੀ ਵਿਗਿਆਨ ਦੇ ਡਾਇਰੈਕਟਰ ਡਾਕਟਰ ਫ੍ਰਾਂਸਿਸਕੋ ਦੁਰਾਨ ਨੇ ਇਹ ਘੋਸ਼ਣਾ ਕੀਤੀ। ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ 910 ਮਾਮਲੇ ਸਾਹਮਣੇ ਆਏ ਅਤੇ ਇਨਫੈਕਸ਼ਨ ਨਾਲ ਤਿੰਨ ਲੋਕਾਂ ਦੀ ਮੌਤ ਹੋਈ। ਦੁਰਾਨ ਨੇ ਕਿਹਾ ਕਿ 6 ਫਰਵਰੀ ਤੱਕ ਸੈਲਾਨੀਆਂ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਕਿਊਬਾ ਦੇ ਲੋਕਾਂ ਨੂੰ ਇੱਥੇ ਆਉਣ 'ਤੇ ਉਹਨਾਂ ਦੇ ਖਰਚੇ 'ਤੇ ਹੋਟਲਾਂ ਵਿਚ ਭੇਜਿਆ ਜਾਵੇਗਾ। ਉਹਨਾਂ ਨੂੰ ਉਦੋਂ ਤੱਕ ਉੱਥੇ ਰਹਿਣਾ ਹੋਵੇਗਾ ਜਦੋਂ ਤੱਕ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ ਪਛਾਣ ਲਈ ਕੀਤੀ ਜਾਣ ਵਾਲੀ ਪੀ.ਸੀ.ਆਰ. ਜਾਂਚ ਦਾ ਨਤੀਜਾ ਨਹੀਂ ਆ ਜਾਂਦਾ। ਆਮਤੌਰ 'ਤੇ ਇਸ ਜਾਂਚ ਦਾ ਨਤੀਜਾ 5ਵੇਂ ਦਿਨ ਆਉਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ 'ਚ ਹੋ ਸਕਦੈ 'ਮੌਸਮ ਖਰਾਬ', ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ
ਭਾਵੇਂਕਿ ਉਹਨਾਂ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਪਰਤਣ ਵਾਲੇ ਕਿਊਬਾ ਦੇ ਲੋਕਾਂ ਨੂੰ ਸਰਕਾਰੀ ਖਰਚ 'ਤੇ ਹੋਰ ਕੇਂਦਰਾਂ ਵਿਚ ਇਕਾਂਤਵਾਸ ਵਿਚ ਭੇਜਿਆ ਜਾਵੇਗਾ। ਡਿਪਲੋਮੈਟਾਂ ਅਤੇ ਵਿਦੇਸ਼ੀ ਕਾਰੋਬਾਰੀਆਂ ਜਿਹੇ ਹੇਰ ਸ਼੍ਰੇਣੀਆਂ ਦੇ ਲੋਕਾਂ ਨੂੰ ਉਹਨਾਂ ਦੇ ਘਰ ਵਿਚ ਇਕਾਂਤਵਾਸ ਵਿਚ ਜਾਣ ਦਿੱਤਾ ਜਾਵੇਗਾ। ਕਿਊਬਾ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਇਨਫੈਕਸ਼ਨ ਦੇ 25,674 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਅਮਰੀਕਾ, ਮੈਕਸੀਕੋ, ਪਨਾਮਾ ਅਤੇ ਬਹਾਮਾਸ ਤੋਂ ਉਡਾਣਾਂ ਘਟਾਈਆਂ ਜਾਣਗੀਆਂ। ਨਿਕਾਰਾਗੁਆ, ਗੁਯਾਨਾ, ਤ੍ਰਿਨਿਦਾਦ, ਟੋਬੈਗੋ ਅਤੇ ਸੂਰੀਨਾਮ ਤੋਂ ਉਡਾਣਾਂ ਮੁਅੱਤਲ ਰਹਿਣਗੀਆਂ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।