ਓਂਟਾਰੀਓ ਦੇ ਸਕੂਲਾਂ ''ਚ ਕੋਰੋਨਾ ਵਾਇਰਸ ਦਾ ਕਹਿਰ, ਦੋ ਹੋਰ ਸਕੂਲ ਹੋਏ ਬੰਦ
Thursday, Oct 15, 2020 - 05:07 PM (IST)
ਓਂਟਾਰੀਓ- ਕੈਨੇਡਾ ਦੇ ਕੁਝ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਓਂਟਾਰੀਓ ਸੂਬੇ ਦੇ ਯਾਰਕ ਖੇਤਰ ਦੇ ਦੋ ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਵੁੱਡ ਬ੍ਰਿਜ ਤੇ ਕਿੰਗ ਸਿਟੀ ਸ਼ਹਿਰ ਦੇ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ। ਇਹ ਦੋਵੇਂ ਸਕੂਲ ਇਨ੍ਹਾਂ ਖੇਤਰਾਂ ਨਾਲ ਸਬੰਧਤ ਹਨ।
ਯਾਰਕ ਕੈਥੋਲਿਕ ਜ਼ਿਲ੍ਹਾ ਸਕੂਲ ਬੋਰਡ ਨੇ ਕਿਹਾ ਕਿ ਕਿੰਗ ਸਿਟੀ ਵਿਚ ਸਥਿਤ ਕੈਥੋਲਿਕ ਸਕੂਲ ਅਤੇ ਵੁੱਡਬ੍ਰਿਜ ਵਿਚ ਸਥਿਤ ਫਾਤਿਮਾ ਕੈਥੋਲਿਕ ਸਕੂਲ ਐਲੀਮੈਂਟਰੀ ਸਕੂਲ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇੱਥੇ 5 ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਦੋਹਾਂ ਸਕੂਲਾਂ ਦੇ ਮਾਮਲੇ ਆਪਸ ਵਿਚ ਜੁੜੇ ਹੋਏ ਨਹੀਂ ਹਨ। ਫਿਲਹਾਲ ਜਾਂਚ-ਪੜਚਾਲ ਜਾਰੀ ਹੈ।
ਸਤੰਬਰ ਮਹੀਨੇ ਤੋਂ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਸਕੂਲ ਖੁੱਲ੍ਹ ਗਏ ਸਨ ਪਰ ਇਸ ਦੇ ਬਾਅਦ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ। ਬੁੱਧਵਾਰ ਓਂਟਾਰੀਓ ਸੂਬੇ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਮਗਰੋਂ 5 ਸਕੂਲਾਂ ਨੂੰ ਬੰਦ ਕਰਨਾ ਪਿਆ।