ਕੋਵਿਡ-19 ਦੇ ਟੀਕੇ ਨਾਲ ਕੋਈ ਨੁਕਸਾਨ ਨਹੀਂ, ਦੂਸਰਿਆਂ ਦਾ ਵੀ ਬਚਾਅ ਹੁੰਦੈ : ਬ੍ਰਿਟੇਨ ਦੀ ਮਹਾਰਾਣੀ
Saturday, Feb 27, 2021 - 09:51 AM (IST)

ਲੰਡਨ (ਭਾਸ਼ਾ)- ਬ੍ਰਿਟੇਨ ਦੀ ਮਹਾਰਾਣੀ ਐਲੀਜਾਬੇਥ-II ਨੇ ਕਿਹਾ ਹੈ ਕਿ ਕੋਵਿਡ-19 ਤੋਂ ਬਚਾਅ ਲਈ ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੋਈ। ਉਨ੍ਹਾਂ ਨੇ ਇਨਫੈਕਸ਼ਨ ਦਾ ਪ੍ਰਸਾਰ ਰੋਕਣ ਲਈ ਲੋਕਾਂ ਨੂੰ ਵੀ ਟੀਕੇ ਲਗਵਾਉਣ ਲਈ ਉਤਸ਼ਾਹਿਤ ਕੀਤਾ ਹੈ। ਮਹਾਰਾਣੀ ਐਲੀਜਾਬੇਥ (94) ਨੇ ਇਸ ਹਫਤੇ ਇੰਗਲੈਂਡ, ਵੇਲਸ, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ’ਚ ਸਿਹਤ ਅਧਿਕਾਰੀਆਂ ਨਾਲ ਵੀਡੀਓ ਕਾਲ ਦੌਰਾਨ ਬ੍ਰਿਟੇਨ ’ਚ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਵਲੋਂ ਚਲਾਈ ਜਾ ਰਹੀ ਟੀਕਾਕਰਣ ਮੁਹਿੰਮ ਦਾ ਸਮਰਥਨ ਕੀਤਾ। ਮਹਾਰਾਣੀ ਅਤੇ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਨੇ ਪਿਛਲੇ ਮਹੀਨੇ ਟੀਕੇ ਦੀ ਪਹਿਲੀ ਖੁਰਾਕ ਲਈ ਸੀ। ਮਹਾਰਾਣੀ ਨੇ ਖੁਰਾਕ ਲਏ ਜਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਤੁਸੀਂ ਟੀਕਾ ਲਗਵਾਉਂਦੇ ਹੋ ਤਾਂ ਸੁਰੱਖਿਅਤ ਹੋਣ ਦੀ ਭਾਵਨਾ ਆਉਂਦੀ ਹੈ, ਜੋ ਕਿ ਮੈਨੂੰ ਲਗਦਾ ਹੈ ਕਿ ਬਹੁਤ ਮਹੱਤਵਪੂਰਨ ਹੈ ਅਤੇ ਇਹ ਦੂਸਰਿਆਂ ਦਾ ਬਚਾਅ ਕਰਦਾ ਹੈ।