ਪਾਕਿਸਤਾਨ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ ਦਰਜ ਹੋਏ ਸਭ ਤੋਂ ਵੱਧ ਮਾਮਲੇ
Sunday, Jun 14, 2020 - 02:31 PM (IST)
ਇਸਲਾਮਾਬਾਦ- ਪਾਕਿਸਤਾਨ ਵਿਚ 24 ਘੰਟਿਆਂ ਵਿਚ ਕੋਰੋਨਾ ਦੇ ਸਭ ਤੋਂ ਵੱਧ 6,825 ਮਾਮਲੇ ਦਰਜ ਕੀਤੇ ਗਏ ਹਨ, ਜਿਸ ਦੇ ਬਾਅਦ ਦੇਸ਼ ਵਿਚ ਰੋਗੀਆਂ ਦੀ ਗਿਣਤੀ 1,39,230 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟਿਆਂ ਵਿਚ 81 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ।
ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਮੌਤਾਂ ਦੀ ਗਿਣਤੀ ਵੱਧ ਕੇ 2,632 ਹੋ ਗਈਹੈ। ਪਿਛਲੇ 24 ਘੰਟਿਆਂ ਵਿਚ 6,825 ਲੋਕਾਂ ਦੇ ਵਾਇਰਸ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਜੋ ਹੁਣ ਤੱਕ ਦਾ ਇਕ ਦਿਨ ਵਿਚ ਸਭ ਤੋਂ ਵੱਧ ਅੰਕੜਾ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 51,735 ਲੋਕ ਸਿਹਤਯਾਬ ਹੋ ਚੁੱਕੇ ਹਨ।
ਓਧਰ, ਦੂਜੇ ਪਾਸੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੋ ਸੂਬਿਆਂ-ਪੰਜਾਬ ਅਤੇ ਸਿੰਧ ਵਿਚ ਰੋਗੀਆਂ ਦੀ ਗਿਣਤੀ 50-50 ਹਜ਼ਾਰ ਦੇ ਪਾਰ ਹੋ ਗਈ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ 52,601 ਰੋਗੀ, ਸਿੰਧ ਵਿਚ 51,518, ਖੈਬਰ ਪਖਤੂਨਵਾ ਵਿਚ 17,450, ਬਲੋਚਿਸਤਾਨ ਵਿਚ 8,028, ਇਸਲਾਮਾਬਾਦ ਵਿਚ 7,934, ਗਿਲਗਿਤ ਬਲਿਤਸਾਨ ਵਿਚ 1,095 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪੀੜਤਾਂ ਦੇ 604 ਮਾਮਲੇ ਸਾਹਮਣੇ ਆਏ ਹਨ।
ਦੇਸ਼ ਭਰ ਵਿਚ ਹੁਣ ਤੱਕ 8,68,565 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਪਿਛਲੇ 24 ਘੰਟਿਆਂ ਵਿਚ 29,546 ਨਮੂਨਿਆਂ ਦੀ ਜਾਂਚ ਹੋਈ ਹੈ।