ਇਟਲੀ ਵਿਚ ਇਕ ਹੋਰ ਪੰਜਾਬੀ ਦੀ ਕੋਵਿਡ-19 ਕਾਰਨ ਮੌਤ

04/23/2020 5:00:10 PM

ਰੋਮ, (ਕੈਂਥ)- ਇਟਲੀ ਵਿਚ ਕੋਰੋਨਾ ਵਾਇਰਸ ਕਾਰਨ 5ਵੇਂ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਸ਼ਹਿਰ ਬੈਰਗਾਮੋ ਦੇ ਪਿੰਡ ਕੁਦੂਨੋ ਵਿਚ ਰਹਿ ਰਹੇ ਕੁਲਵੰਤ ਸਿੰਘ ਨੂੰ ਕੁਝ ਦਿਨ ਪਹਿਲਾਂ ਦਿਲ ਵਿਚ ਦਰਦ ਹੋਣ ਦੀ ਤਕਲੀਫ਼ ਕਰਕੇ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਸੀ ਪਰ ਮ੍ਰਿਤਕ ਕੁਲਵੰਤ ਸਿੰਘ ਦਾ ਡਾਕਟਰਾਂ ਵਲੋਂ ਕੋਵਿਡ-19 ਟੈਸਟ ਕੀਤੇ ਜਾਣ 'ਤੇ ਉਹ ਪਾਜ਼ੀਟਿਵ ਆਇਆ, ਜਿਸ ਕਾਰਣ ਉਸ ਦੀ ਮੌਤ ਹੋ ਗਈ।  

ਮ੍ਰਿਤਕ ਕੁਲਵੰਤ ਸਿੰਘ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਡੱਲੀ ਨੇੜੇ ਭੋਗਪੁਰ ਦਾ ਰਹਿਣ ਵਾਲਾ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਸਿੰਘ ਦਾ ਸਾਰਾ ਪਰਿਵਾਰ ਇਟਲੀ ਦੇ ਪਿੰਡ ਕੁਦੂਨੋ ਵਿਚ ਰਹਿੰਦਾ ਹੈ। ਇਸ ਪਰਿਵਾਰ ਨੂੰ ਸਰਕਾਰ ਵਲੋਂ ਘਰ ਵਿਚ ਹੀ ਕੁਆਰੰਟੀਨ ਕਰਕੇ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਸਮਾਜ ਸੇਵਕ ਬਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਬੀਤੇ ਦਿਨ ਮ੍ਰਿਤਕ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਅਤੇ ਉਸ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕਰਨ ਲਈ ਸ਼ਮਸ਼ਾਨ ਘਾਟ ਵਿਖੇ ਸਾਰੀ ਕਾਰਵਾਈ ਕੀਤੀ ਗਈ। ਵਿੱਕੀ ਨੇ ਦੱਸਿਆ ਕਿ ਇਟਲੀ ਵਿਚ ਬਦਕਿਸਮਤੀ ਨਾਲ ਕਿਸੇ ਅਜਿਹੇ ਭਾਰਤੀ ਦੀ ਮੌਤ ਕੋਵਿਡ-19 ਕਰਕੇ ਹੋ ਜਾਂਦੀ ਹੈ ਜਿਸ ਦਾ ਇੱਥੇ ਕੋਈ ਵਾਰਿਸ ਨਹੀਂ ਤਾਂ ਉਨ੍ਹਾਂ ਦੇ ਸੰਸਕਾਰ ਕਰਨ ਦਾ ਖਰਚਾ ਉਹ ਕਰਨਗੇ।ਤੁਹਾਨੂੰ ਦੱਸ ਦਈਏ ਕਿ ਸਿੱਖ ਧਰਮ ਦੇ ਫਲਸਫੇ 'ਤੇ ਪਹਿਰਾ ਦੇ ਰਿਹਾ ਨੌਜਵਾਨ ਬਿਕਰਮਜੀਤ ਸਿੰਘ ਵਿੱਕੀ ਕੋਵਿਡ-19 ਦੇ ਚੱਲਦਿਆਂ ਮਾਰੇ ਗਏ ਭਾਰਤੀਆਂ ਦੇ ਅੰਤਿਮ ਸੰਸਕਾਰ ਦੀਆਂ ਆਖਰੀ ਰਸਮਾਂ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ।
 


Lalita Mam

Content Editor

Related News