ਕੋਰੋਨਾ ਨਾਲ 14,655 ਮੌਤਾਂ ਅਤੇ 337,570 ਲੋਕ ਚਪੇਟ ’ਚ, ਪੜ੍ਹੋ ਦੁਨੀਆ ਭਰ ਦੀ ਅਪਡੇਟ
Monday, Mar 23, 2020 - 12:18 PM (IST)
ਇੰਟਰਨੈਸ਼ਨਲ ਡੈਸਕ– ਪੂਰੀ ਦੁਨੀਆ ’ਚ ਕੋਰੋਨਾਵਾਇਰਸ ਕਾਰਨ ਦਹਿਸ਼ਤ ਵਧਦੀ ਜਾ ਰਹੀ ਹੈ। ਵਾਇਰਸ ਨਾਲ ਇਸ ਸਮੇਂ ਦੁਨੀਆ ਭਰ ’ਚ ਮੌਤਾਂ ਦਾ ਅੰਕੜਾ 15000 ਦੇ ਕਰੀਬ ਪਹੁੰਚ ਗਿਆ ਹੈ ਜਦਕਿ 337,570 ਲੋਕ ਚਪੇਟ ’ਚ ਆ ਚੁੱਕੇ ਹਨ। 186 ਦੇਸ਼ਾਂ ’ਚ ਫੈਲੇ ਇਸ ਵਾਇਰਸ ਨਾਲ 14,655 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨਾਲ ਨਜਿੱਠਣ ਲਈ ਹਰ ਦੇਸ਼ ਆਪਣੀ ਤਾਕਤ ਲਗਾ ਰਿਹਾ ਹੈ। ਇਟਲੀ, ਸਪੇਨ ਅਤੇ ਅਮਰੀਕਾ ’ਚ ਕੋਰੋਨਾਵਾਇਰਸ ਦਾ ਕਹਿਰ ਜ਼ਿਆਦਾ ਹੈ ਅਤੇ ਐਤਵਾਰ ਨੂੰ ਵੀ ਇਥੇ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਅੱਗੇ ਵਧਦਾ ਰਿਹਾ। ਇਟਲੀ ’ਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 5500 ਪਹੁੰਚ ਗਈ। ਇਹ ਚੀਨ ਤੋਂ ਵੀ ਜ਼ਿਆਦਾ ਹੈ ਜਿਥੋਂ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ। ਇਟਲੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਪ੍ਰਧਾਨ ਐਂਜੇਲੀ ਬੋਰੇਲੀ ਨੇ ਕਿਹਾ ਹੈ ਕਿ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਪਹਿਲਾਂ ਨਾਲੋਂ ਘੱਟ ਹੋਇਆ ਹੈ। ਉਮੀਦ ਹੈ ਇਹ ਅੱਗੇ ਜਾਰੀ ਰਹੇਗਾ ਪਰ ਫਿਰ ਵੀ ਇਹ ਢਿੱਲਾ ਪੈਣ ਦਾ ਸਮਾਂ ਨਹੀਂ ਹੈ।
ਅਮਰੀਕਾ ’ਚ 30,000 ਪਾਜ਼ੀਟਿਵ ਮਾਮਲੇ
ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਹੈ ਕਿ ਅਮਰੀਕਾ ’ਚ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਲ 250000 ਅਮਰੀਕੀ ਨਾਗਰਿਕਾਂ ਦਾ ਕੋਰੋਨਾਵਾਇਰਸ ਦਾ ਟੈਸਟ ਕਰਵਾਇਆ ਸੀ ਜਿਨ੍ਹਾਂ ’ਚੋਂ 30,000 ਤੋਂ ਜ਼ਿਆਦਾ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪੇਂਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੀਡੀਆ ਗੱਲਬਾਤ ਦੌਰਾਨ ਕਿਹਾ ਕਿ ਹਰ ਦਿਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਹੁਣ ਤਕ 254000 ਲੋਕਾਂ ਦਾ ਟੈਸਟ ਕੀਤਾ ਗਿਆ ਹੈ ਜਿਨ੍ਹਾਂ ’ਚੋਂ 30,000 ਤੋਂ ਜ਼ਿਆਦਾ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪੇਂਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਉਨ੍ਹਾਂ ’ਚੋਂ ਜ਼ਿਆਦਾਤਰ ਲੋਕ ਅਜਿਹੇ ਹਨ ਜਿਨ੍ਹਾਂ ’ਚ ਇਸ ਦੇ ਲੱਛਣ ਸਨ ਅਤੇ ਜੋ ਸੋਚਦੇ ਸਨ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਹੋ ਸਕਦਾ ਹੈ।
ਅਮਰੀਕੀ ਸੀਨੇਟ ਰੈਂਡ ਪਾਲ ਵੀ ਇਨਫੈਕਟਿਡ, ਖੌਡ ’ਚ ਅਮਰੀਕਾ
ਇਥੇ ਇਨਫੈਕਟਿਡ ਲੋਕਾਂ ਦੀ ਗਿਣਤੀ 34,000 ਤਕ ਪਹੁੰਚ ਗਈ ਹੈ, ਉਥੇ ਹੀ ਹਰੇਕ ਤਿੰਨ ਅਮਰੀਕੀ ਲੋਕਾਂ ’ਚੋਂ ਇਕ ਨੂੰ ਘਰ ਦੇ ਅੰਦਰ ਰਹਿਣ ਨੂੰ ਕਿਹਾ ਗਿਆ ਹੈ। ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਅੰਕੜੇ ਰੱਖਣ ਵਾਲੀ ਵੈੱਬਸਾਈਟ ਵਰਲਡੋਮੀਟਰ ਨੇ ਦੱਸਿਆ ਕਿ ਐਤਵਾਰ ਸ਼ਾਮ ਤਕ ਕੇਂਟੁਕੀ ਤੋਂ ਰਿਪਬਲਿਕਨ ਸਾਂਸਦ ਰੈਂਡ ਪਾਲ ਸਮੇਤ 33,546 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਸਨ। ਉਥੇ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ 419 ਹੋ ਗਈ ਹੈ। ਇਸ ਵਿਚਕਾਰ ਵਾਈਟ ਹਾਊਸ ’ਚ ਇਕ ਪੱਤਰਕਾਰ ਸੰਮੇਲਨ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੀ ਕੋਰੋਨਾਵਾਇਰਸ ਨਾਲ ਬੇਹੱਦ ਪ੍ਰਭਾਵਿਤ ਸਥਾਨਾਂ ਦੇ ਰੂਪ ’ਚ ਪਛਾਣ ਕੀਤੀ। ਰਾਸ਼ਟਰਪਤੀ ਨੇ ਨਿਊਯਾਰਕ ’ਚ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ।
ਬ੍ਰਿਟੇਨ ’ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 281 ਹੋਈ
ਬ੍ਰਿਟੇਨ ’ਚ ਕੋਰੋਨਾਵਾਇਰਸ ਕਾਰਨ ਪਿਛਲੇ 24 ਘੰਟਿਆਂ ’ਚ 48 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 281 ਪਹੁੰਚ ਗਈ। ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਨੇ ਇਸ ਦੀ ਸੂਚਨਾ ਦਿੱਤੀ। ਐਤਵਾਰ ਤਕ ਬ੍ਰਿਟੇਨ ’ਚ ਕੋਰੋਨਾਵਾਇਰਸ ਦੇ ਕੁਲ 5683 ਮਾਮਲੇ ਸਾਹਮਣੇ ਆਏ ਹਨ ਜੋ ਐਤਵਾਰ ਦੇ ਮੁਕਾਬਲੇ 665 ਜ਼ਿਆਦਾ ਹਨ। ਰਾਸ਼ਟਰੀ ਸਿਹਤ ਸੇਵਾ ਨੇ ਲੋਕਾਂ ਨੂੰ 12 ਹਫਤਿਆਂ ਤਕ ਘਰਾਂ ’ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਸਿਹਤ ਸੇਵਾ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਰੱਖਣ ਲਈ ਵੀ ਕਿਹਾ ਹੈ।
ਸੀਰੀਆ ’ਚ ਪਹਿਲਾ ਮਾਮਲਾ ਸਾਹਮਣੇ ਆਇਆ
ਸੀਰੀਆ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੇਸ਼ ’ਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ। ਮੰਤਰਾਲੇ ਨੇ ਕਿਹਾ ਕਿ ਮਰੀਜ਼ ਵਿਦੇਸ਼ ਤੋਂ ਸੀਰੀਆ ਆਇਆ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਨਜਿੱਠਣ ਦੇ ਸਾਰੇ ਜ਼ਰੂਰੀ ਉਪਾਅ ਕੀਤੇ ਜਾ ਰਹੇ ਹਨ।