ਅਮਰੀਕਾ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਲੱਖ ਤੋਂ ਪਾਰ, ਰਾਸ਼ਟਰਪਤੀ ਨੇ ਜਤਾਇਆ ਅਫ਼ਸੋਸ
Saturday, Feb 05, 2022 - 05:53 PM (IST)
ਵਾਸ਼ਿੰਗਟਨ (ਵਾਰਤਾ)- ਅਮਰੀਕਾ ‘ਚ ਵਿਸ਼ਵਵਿਆਪੀ ਮਹਾਮਾਰੀ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9 ਲੱਖ ਨੂੰ ਪਾਰ ਕਰ ਗਈ ਹੈ। ਜਾਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਸ਼ੁੱਕਰਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਕੋਵਿਡ-19 ਕਾਰਨ 9,00,334 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ 7.60 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਜ਼ਿਕਰਯੋਗ ਹੈ ਕਿ ਦਸੰਬਰ ਦੇ ਮੱਧ ਵਿਚ ਅਮਰੀਕਾ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਲੱਖ ਨੂੰ ਪਾਰ ਕਰ ਗਈ ਸੀ। ਇਸ ਤਰ੍ਹਾਂ 2 ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ 1 ਲੱਖ ਲੋਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ: ਤਰਨਜੀਤ ਸੰਧੂ ਵੱਲੋਂ ਅਮਰੀਕੀ ਜਲ ਸੈਨਾ ਅਕੈਡਮੀ ’ਚ ਭਾਰਤੀ ਮੂਲ ਦੇ ਅਧਿਕਾਰੀਆਂ ਨਾਲ ਮੁਲਾਕਾਤ
‘ਜਾਨ ਹਾਪਕਿਨਜ਼ ਯੂਨੀਵਰਸਿਟੀ’ ਦੇ ਅੰਕੜਿਆਂ ਮੁਤਾਬਕ ਮ੍ਰਿਤਕਾਂ ਦੀ ਕੁੱਲ ਗਿਣਤੀ ਇੰਡੀਆਨਾਪੋਲਿਸ, ਸਾਨ ਫਰਾਂਸਿਸਕੋ ਜਾਂ ਸ਼ਾਰਲੋਟ ਦੀ ਆਬਾਦੀ ਨਾਲੋਂ ਵੱਧ ਹੈ। ‘ਬ੍ਰਾਊਨ ਯੂਨੀਵਰਸਿਟੀ ਆਫ਼ ਪਬਲਿਕ ਹੈਲਥ’ ਦੇ ਡੀਨ ਡਾ: ਅਸ਼ੀਸ਼ ਕੇ. ਝਾਅ ਨੇ ਕਿਹਾ, ‘ਇਹ ਗਿਣਤੀ ਉਮੀਦ ਤੋਂ ਵੱਧ ਹੈ। ਜੇ ਤੁਸੀਂ 2 ਸਾਲ ਪਹਿਲਾਂ ਅਮਰੀਕੀਆਂ ਕਹਿੰਦੇ ਕਿ ਇਸ ਮਹਾਮਾਰੀ ਨਾਲ 9 ਲੱਖ ਅਮਰੀਕੀ ਮਾਰੇ ਜਾਣਗੇ, ਤਾਂ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਇਸ ’ਤੇ ਵਿਸ਼ਵਾਸ ਨਹੀਂ ਕਰਦੇ।’
ਇਹ ਵੀ ਪੜ੍ਹੋ: ਕੈਨੇਡਾ 'ਚ 18 ਸਾਲਾ ਪੰਜਾਬੀ ਵਿਦਿਆਰਥੀ ਦੀ ਮਿਲੀ ਲਾਸ਼
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਮ੍ਰਿਤਕਾਂ ਦੀ ਗਿਣਤੀ 9 ਲੱਖ ਤੋਂ ਪਾਰ ਹੋਣ ’ਤੇ ਸ਼ੁੱਕਰਵਾਰ ਰਾਤ ਜਾਰੀ ਇਕ ਬਿਆਨ ਵਿਚ ਅਫ਼ਸੋਸ ਜਤਾਉਂਦੇ ਹੋਏ ਕਿਹਾ, ‘ਮੈਂ ਜਾਣਦਾ ਹਾਂ ਕਿ ਇਸ ਮਹਾਮਾਰੀ ਦੇ ਭਾਵਨਾਤਮਕ, ਸਰੀਰਕ ਅਤੇ ਮਨੋਵਿਗਿਆਨਕ ਬੋਝ ਨੂੰ ਝੱਲਣਾ ਬਹੁਤ ਮੁਸ਼ਕਲ ਹੋ ਰਿਹਾ ਹੈ।’ ਉਨ੍ਹਾਂ ਨੇ ਅਮਰੀਕੀਆਂ ਨੂੰ ਟੀਕੇ ਲਗਵਾਉਣ ਅਤੇ ਬੂਸਟਰ ਖ਼ੁਰਾਕਾਂ ਲੈਣ ਦੀ ਇਕ ਵਾਰ ਫਿਰ ਅਪੀਲ ਕੀਤੀ। ਕੇਂਦਰੀ ਰੋਗ ਨਿਯੰਤਰਣ ਅਤੇ ਰੋਕਥਾਮ ਕੇੇਂਦਰ ਅਨੁਸਾਰ, ਅਮਰੀਕਾ ਦੀ 21 ਕਰੋੜ 20 ਲੱਖ ਦੀ ਆਬਾਦੀ ਵਿਚੋਂ ਸਿਰਫ਼ 64 ਫ਼ੀਸਦੀ ਨੂੰ ਟੀਕਾ ਲਗਾਇਆ ਗਿਆ ਹੈ। ਝਾਅ ਨੇ ਕਿਹਾ ਕਿ ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਖ਼ਤਮ ਨਹੀਂ ਹੋਈ ਹੈ ਅਤੇ ਅਪ੍ਰੈਲ ਤੱਕ ਦੇਸ਼ ਵਿਚ ਕੁੱਲ ਮੌਤਾਂ ਦੀ ਗਿਣਤੀ 10 ਲੱਖ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: UAE 'ਚ ਡਰਾਈਵਿੰਗ ਕਰਦੇ ਸਮੇਂ ਇਹ ਗ਼ਲਤੀ ਪਵੇਗੀ ਭਾਰੀ, ਲੱਗੇਗਾ 10 ਹਜ਼ਾਰ ਤੋਂ ਵੱਧ ਦਾ ਜੁਰਮਾਨਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।