ਕਹਿਰ ਬਣ ਕੇ ਟੁੱਟਿਆ ਕੋਰੋਨਾ ਵਾਇਰਸ, ਦੁਨੀਆ ਭਰ 'ਚ 3000 ਤੋਂ ਵਧ ਲੋਕਾਂ ਦੀ ਮੌਤ
Monday, Mar 02, 2020 - 08:31 AM (IST)

ਬੀਜਿੰਗ— ਨੋਵਲ ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ 'ਚ ਕਹਿਰ ਮਚਿਆ ਹੋਇਆ ਹੈ ਤੇ ਚੀਨ 'ਚ ਹੋਣ ਤਕ 2,912 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 80,000 ਤੋਂ ਵਧੇਰੇ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ। ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ 3000 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਚੀਨ ਸਿਹਤ ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ 202 ਨਵੇਂ ਮਾਮਲਿਆਂ ਦੀ ਪੁਸ਼ਟੀ ਅਤੇ 42 ਹੋਰ ਮੌਤਾਂ ਬਾਰੇ ਖਬਰ ਮਿਲੀ ਹੈ। ਇਹ ਸਾਰੀਆਂ ਮੌਤਾਂ ਹੁਬੇਈ ਸੂਬੇ 'ਚ ਹੋਈਆਂ ਹਨ। ਹੋਰ 141 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਐਤਵਾਰ ਨੂੰ 2,837 ਲੋਕਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਗਈ, ਜਿਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਸੁਧਰ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਜੇ 32,652 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤਕ 44,462 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਂਗਕਾਂਗ 'ਚ 36, ਮਕਾਓ 'ਚ 8 ਅਤੇ ਤਾਇਵਾਨ 'ਚ 12 ਲੋਕਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਮਿਲੀ ਹੈ।
ਉੱਥੇ ਹੀ ਜਾਪਾਨ 'ਚ ਕੋਰੋਨਾ ਵਾਇਰਸ ਦੀ ਮਾਰ ਹੇਠ ਆਏ ਕਰੂਜ਼ ਜਹਾਜ਼ ਡਾਇਮੰਡ ਪ੍ਰਿੰਸਜ਼ ਤੋਂ ਬਾਹਰ ਕੱਢੇ ਗਏ 78 ਸਾਲਾ ਵਿਅਕਤੀ ਦੀ ਪਰਥ ਦੇ ਇਕ ਹਸਪਤਾਲ 'ਚ ਬੀਤੇ ਦਿਨ ਮੌਤ ਹੋ ਗਈ। ਆਸਟ੍ਰੇਲੀਆ 'ਚ ਇਸ ਬੀਮਾਰੀ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। ਕਰੂਜ਼ 'ਚ ਰਹਿਣ ਦੌਰਾਨ ਮ੍ਰਿਤਕ ਦੀ ਪਤਨੀ ਵੀ ਇਸ ਬੀਮਾਰੀ ਦੀ ਸ਼ਿਕਾਰ ਹੋ ਗਈ ਹੈ ਤੇ ਉਹ ਵੀ ਪਰਥ ਦੇ ਇਕ ਹਸਪਤਾਲ 'ਚ ਭਰਤੀ ਹੈ।