US : 150 ਮੌਤਾਂ, ਦੋ ਸੰਸਦ ਮੈਂਬਰ ਵੀ ਆਏ ਕੋਰੋਨਾ ਦੀ ਲਪੇਟ 'ਚ
Thursday, Mar 19, 2020 - 09:50 AM (IST)
ਵਾਸ਼ਿੰਗਟਨ— ਅਮਰੀਕਾ ਦੇ ਦੋ ਸੰਸਦ ਮੈਂਬਰਾਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੀ ਖਬਰ ਮਿਲੀ ਹੈ। ਕੋਵਿਡ-19 ਨੇ ਦੇਸ਼ 'ਚ ਹੁਣ ਤਕ 150 ਲੋਕਾਂ ਦੀ ਜਾਨ ਲੈ ਲਈ ਹੈ ਜਦਕਿ 8017 ਲੋਕ ਇਸ ਵਾਇਰਸ ਦੀ ਲਪੇਟ 'ਚ ਹਨ।
ਬੁੱਧਵਾਰ ਨੂੰ ਦੋ ਸੰਸਦ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਰੀਪਬਲਿਕਨ ਮੈਂਬਰ ਮਾਰੀਓ ਡਿਆਜ਼ ਬਾਲਾਰਟ ਪਹਿਲੇ ਸੰਸਦ ਮੈਂਬਰ ਹਨ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਖਬਰ ਮਿਲੀ। ਇਸ ਮਗਰੋਂ ਸ਼ਾਮ ਸਮੇਂ ਬੇਨ ਮੈਕਡੈਮਜ਼ ਨੇ ਵੀ ਜਾਣਕਾਰੀ ਦਿੱਤੀ ਕਿ ਉਹ ਕੋਰੋਨਾ ਦੀ ਲਪੇਟ 'ਚ ਹਨ। ਅਮਰੀਕਾ ਦੇ 18 ਸੰਸਦ ਮੈਂਬਰਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ ਭਾਵ ਉਹ ਕਮਰੇ 'ਚ ਵੱਖਰੇ ਰਹਿ ਰਹੇ ਹਨ।
ਨਿਊਯਾਰਕ ਟਾਈਮਜ਼ ਅਤੇ ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਅਮਰੀਕੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਬੀਤੇ ਦਿਨ ਤਕਰੀਬਨ 7,038 ਲੋਕਾਂ ਦੇ ਕੋਰੋਨਾ ਪੀੜਤ ਅਤੇ 97 ਲੋਕਾਂ ਦੀ ਮੌਤ ਦੀ ਰਿਪੋਰਟ ਜਾਰੀ ਕੀਤੀ ਸੀ। ਵਾਸ਼ਿੰਗਟਨ ਕੋਰੋਨਾ ਵਾਇਰਸ ਨਾਲ ਸਭ ਤੋਂ ਵਧ ਪ੍ਰਭਾਵਿਤ ਸੂਬਾ ਹੈ, ਜਿੱਥੇ ਹੁਣ ਤਕ 74 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਵਿਚਕਾਰ ਇਸ ਨੂੰ 11 ਮਾਰਚ ਨੂੰ ਵਿਸ਼ਵ ਮਹਾਮਾਰੀ ਘੋਸ਼ਿਤ ਕਰ ਦਿੱਤਾ ਸੀ। ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੂਹਾਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਵਿਸ਼ਵ ਦੇ 150 ਤੋਂ ਵਧੇਰੇ ਦੇਸ਼ਾਂ 'ਚ ਫੈਲ ਚੁੱਕਾ ਹੈ। ਇਸ ਕਾਰਨ 8500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ 2 ਲੱਖ ਲੋਕ ਇਸ ਦੀ ਲਪੇਟ 'ਚ ਹਨ।