ਕੋਰੋਨਾ ਨਾਲ ਲੜਨ ਲਈ ਸ਼੍ਰੀਲੰਕਾ ਨੇ ਮੰਗਿਆ ਭਾਰਤ ਤੋਂ ''ਹਥਿਆਰ''
Tuesday, Feb 23, 2021 - 08:18 PM (IST)
ਕੋਲੰਬੋ-ਕੋਰੋਨਾ ਵਾਇਰਸ ਨਾਲ ਲੜਨ ਲਈ ਸ਼੍ਰੀਲੰਕਾ ਨੇ ਭਾਰਤ ਤੋਂ ਹਥਿਆਰ ਭਾਵ ਵੈਕਸੀਨ ਦੀ ਮੰਗ ਕੀਤੀ ਹੈ। ਸ਼੍ਰੀਲੰਕਾ ਨੇ ਭਾਰਤ ਵੱਲੋਂ ਭੇਂਟ ਕੀਤੀਆਂ ਗਈਆਂ 5,00,000 ਆਕਸਫੋਰਡ-ਐਸਟ੍ਰਾਜੇਨੇਕਾ ਟੀਕੇ ਦੀਆਂ ਖੁਰਾਕਾਂ ਤੋਂ ਇਲਾਵਾ 1.35 ਕਰੋੜ ਖੁਰਾਕਾਂ ਖਰੀਦਣ ਦਾ ਐਲਾਨ ਕੀਤਾ ਹੈ ਅਤੇ ਅਜਿਹਾ ਸੰਭਵ ਹੈ ਕਿ ਦੇਸ਼ ਟੀਕਾਕਰਨ ਦੇ ਦੂਜੇ ਪੜਾਅ 'ਚ ਚੀਨ ਦੇ ਟੀਕੇ ਦਾ ਇਸਤੇਮਾਲ ਨਾ ਕਰੇ।
ਇਕ ਸਰਕਾਰੀ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜੰਗਲਾਤ ਮੰਤਰੀ ਰਮੇਸ਼ ਰਾਥੀਰਾਨਾ ਨੇ ਕਿਹਾ ਕਿ ਚੀਨ ਅਤੇ ਰੂਸ ਦੇ ਟੀਕਿਆਂ ਦੇ ਅਜੇ ਤਿਆਰ ਨਾ ਹੋਣ ਕਾਰਣ ਅਜਿਹਾ ਸੰਭਵ ਹੈ ਕਿ ਟੀਕਾਕਰਨ ਦੇ ਦੂਜੇ ਪੜਾਅ 'ਚ ਸ਼੍ਰੀਲੰਕਾ ਸਿਰਫ ਐਸਟ੍ਰਾਜੇਨੇਕਾ ਟੀਕਿਆਂ ਦੀਆਂ ਖੁਰਾਕਾਂ ਦਾ ਹੀ ਇਸਤੇਮਾਲ ਕਰੇ। ਪਾਥੀਰਾਨਾ ਨੇ ਕਿਹਾ ਕਿ ਚੀਨੀ ਟੀਕੇ ਦੇ ਤੀਸਰੇ ਪੜਾਅ ਦੇ ਪ੍ਰੀਖਣ ਨਾਲ ਸੰਬੰਧਿਤ ਦਸਤਾਵੇਜ਼ ਜਮਾ ਨਹੀਂ ਕੀਤੇ ਹਨ।
ਪਹਿਲੇ ਪੜਾਅ ਦੇ ਟੀਕਾਕਰਨ ਲਈ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ 5.25 ਕਰੜੋ ਡਾਲਰ ਦੀ ਕੀਮਤ 'ਤੇ ਇਕ ਕਰੋੜ ਟੀਕੇ ਦੀਆਂ ਖੁਰਾਕਾਂ ਦੀ ਖਰੀਦ ਦੇ ਆਰਡਰ ਦਿੱਤੇ ਹਨ। ਭਾਰਤ ਨੇ ਜਨਵਰੀ ਦੇ ਆਖਿਰ 'ਚ ਸ਼੍ਰੀਲੰਕਾ ਨੂੰ ਇਸ ਟੀਕੇ ਦੀਆਂ 5,00,000 ਖੁਰਾਕਾਂ ਭੇਂਟ ਕੀਤੀਆਂ ਸਨ ਜਿਸ ਤੋਂ ਬਾਅਦ ਸ਼੍ਰੀਲੰਕਾ 'ਚ ਟੀਕਾਕਰਨ ਮੁਹਿੰਮ ਸ਼ੁਰੂ ਹੋਈ।