ਸਕਾਟਲੈਂਡ ’ਚ ਕੋਰੋਨਾ ਮੁੜ ਵਰ੍ਹਾ ਰਿਹਾ ਕਹਿਰ, ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ
Saturday, Jun 05, 2021 - 04:41 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦਰਜ ਹੋ ਰਹੇ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਦੱਸਿਆ ਕਿ ਸਕਾਟਲੈਂਡ ’ਚ ਕੋਵਿਡ-19 ਦੇ ਕੇਸ ਪਿਛਲੇ ਮਹੀਨੇ ਨਾਲੋਂ ਤਿੰਨ ਗੁਣਾ ਵਧ ਗਏ ਹਨ। ਇਸ ਦੌਰਾਨ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਬ੍ਰੀਫਿੰਗ ’ਚ ਸਟਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਕੁੱਲ 992 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਹ 17 ਫਰਵਰੀ ਤੋਂ ਬਾਅਦ ਦੇ ਨਵੇਂ ਕੋਵਿਡ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੈ, ਜਿਸ ਦੇ ਨਤੀਜੇ ਵਜੋਂ ਆਰ. ਨੰਬਰ ਦਾ ਵੀ ਇੱਕ ਤੋਂ ਉਪਰ ਹੋਣ ਦਾ ਅਨੁਮਾਨ ਹੈ।
ਇਨ੍ਹਾਂ ਨਵੇਂ ਮਾਮਲਿਆਂ ’ਚੋਂ ਕੁੱਲ 304 ਕੇਸ ਗ੍ਰੇਟਰ ਗਲਾਸਗੋ ਅਤੇ ਕਲਾਈਡ ਖੇਤਰ ’ਚ ਹਨ, 214 ਲੋਥੀਅਨ ਅਤੇ 144 ਟਾਇਸਾਈਡ ’ਚ ਹਨ। ਇਸ ਤੋਂ ਇਲਾਵਾ 116 ਵਿਅਕਤੀ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਹਨ, ਜਦਕਿ ਅੱਠ ਵਿਅਕਤੀ ਇੰਟੈਂਸਿਵ ਕੇਅਰ ’ਚ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ ਦੋ ਮੌਤਾਂ ਵੀ ਹੋਈਆਂ ਹਨ।