ਸਿਡਨੀ ਹਵਾਈ ਅੱਡੇ ''ਤੇ 128 ਕਿਲੋਗ੍ਰਾਮ ਕੋਕੀਨ ਜ਼ਬਤ, 2 ਵਿਅਕਤੀ ਗ੍ਰਿਫ਼ਤਾਰ

Tuesday, Oct 28, 2025 - 04:13 PM (IST)

ਸਿਡਨੀ ਹਵਾਈ ਅੱਡੇ ''ਤੇ 128 ਕਿਲੋਗ੍ਰਾਮ ਕੋਕੀਨ ਜ਼ਬਤ, 2 ਵਿਅਕਤੀ ਗ੍ਰਿਫ਼ਤਾਰ

ਸਿਡਨੀ (ਏਜੰਸੀ)- ਸਿਡਨੀ ਹਵਾਈ ਅੱਡੇ 'ਤੇ 128 ਕਿਲੋਗ੍ਰਾਮ ਕੋਕੀਨ ਮਿਲਣ ਤੋਂ ਬਾਅਦ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਿਊ ਸਾਊਥ ਵੇਲਜ਼ (NSW) ਸਟੇਟ ਪੁਲਸ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਹ ਗ੍ਰਿਫਤਾਰੀਆਂ ਇਕ ਸਟ੍ਰਾਈਕ ਫੋਰਸ ਵੱਲੋਂ ਕੀਤੀ ਗਈ, ਜਿਸ ਦਾ ਗਠਨ ਜੁਲਾਈ ਵਿਚ ਸਿਡਨੀ ਦੇ ਅੰਦਰੂਨੀ-ਪੱਛਮੀ ਉਪਨਗਰਾਂ ਵਿਚ ਇਕ ਘਰ ਵਿਚ ਹੋਈ ਗੋਲੀਬਾਰੀ ਦੀ ਜਾਂਚ ਲਈ ਕੀਤਾ ਗਿਆ ਸੀ। ਜਾਂਚ ਦੌਰਾਨ ਅਧਿਕਾਰੀਆਂ ਨੂੰ ਅਜਿਹੇ ਸਬੂਤ ਮਿਲੇ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੋਲੀਬਾਰੀ ਲਈ ਜ਼ਿੰਮੇਵਾਰ ਸਮੂਹ NSW ਵਿਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਆਯਾਤ ਵਿਚ ਵੀ ਸ਼ਾਮਲ ਸੀ।

NSW ਪੁਲਸ ਅਤੇ ਆਸਟ੍ਰੇਲੀਆਈ ਸੰਘੀ ਪੁਲਸ ਦੇ ਅਧਿਕਾਰੀਆਂ ਨੇ 128 ਕਿਲੋਗ੍ਰਾਮ ਕੋਕੀਨ ਤੋਂ ਇਲਾਵਾ ਨਕਦੀ, 4 ਕਿੱਲੋ ਅਣਜਾਣ ਕ੍ਰਿਸਟਲ ਪਦਾਰਥ ਅਤੇ 110 ਗ੍ਰਾਮ ਮੈਥਾਮਫੇਟਮਾਈਨ ਵੀ ਜ਼ਬਤ ਕਰ ਲਿਆ ਹੈ। ਇਸ ਮਾਮਲੇ ਵਿਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਪਾਏ ਜਾਣ 'ਤੇ ਦੋਹਾਂ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਨਿਊ ਸਾਊਥ ਵੇਲਜ਼ ਪੁਲਸ ਨੇ ਕਿਹਾ ਕਿ 128 ਕਿੱਲੋ ਕੋਕੀਨ ਦੀ ਅੰਦਾਜ਼ਨ ਬਾਜ਼ਾਰ ਕੀਮਤ 6.3 ਕਰੋੜ ਆਸਟ੍ਰੇਲੀਆਈ ਡਾਲਰ (4.13 ਕਰੋੜ ਅਮਰੀਕੀ ਡਾਲਰ) ਹੈ।


author

cherry

Content Editor

Related News