ਚੀਨੀ ਸਰਕਾਰ ਕੋਰੋਨਾ ਖਿਲਾਫ਼ ਲੋਕਾਂ ''ਤੇ ਅਸੁਰੱਖਿਅਤ ਦਵਾਈ ਦੀ ਜ਼ਬਰਦਸਤੀ ਕਰ ਰਹੀ ਵਰਤੋਂ

8/31/2020 5:50:32 PM

ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਪ੍ਰਕੋਪ ਦੇ ਸਿਖਰ 'ਤੇ ਰਹਿਣ ਦੌਰਾਨ ਗ੍ਰਿਫਤਾਰ ਕੀਤੀ ਗਈ ਮੱਧ ਉਮਰ ਵਰਗ ਦੀ ਇਕ ਉਇਗਰ ਮੁਸਲਿਮ ਬੀਬੀ ਨੇ ਜੇਲ ਦੀ ਭਿਆਨਕ ਕਹਾਣੀ ਦੱਸੀ।ਉਸ ਦੇ ਨਾਲ ਦਰਜਨਾਂ ਹੋਰ ਬੀਬੀਆਂ ਨੂੰ ਵੀ ਪੁਲਸ ਨੇ ਉੱਥੇ ਬੰਦ ਕੀਤਾ ਸੀ। ਉਸ ਨੇ ਦੱਸਿਆ ਕਿ ਉੱਥੇ ਉਸ ਨੂੰ ਇਕ ਦਵਾਈ ਪੀਣ ਲਈ ਮਜਬੂਰ ਕੀਤਾ ਗਿਆ, ਜਿਸ ਨਾਲ ਕਮਜੋਰੀ ਅਤੇ ਮਨ ਖਰਾਬ ਜਿਹਾ ਹੋਣ ਵਰਗਾ ਮਹਿਸੂਸ ਹੋਣ ਲੱਗਾ। ਬੀਬੀ ਨੇ ਦੱਸਿਆ ਕਿ ਉਸ ਨੂੰ ਅਤੇ ਹੋਰ ਬੀਬੀਆਂ ਨੂੰ ਹਫਤੇ ਵਿਚ ਇਕ ਵਾਰ ਮੂੰਹ ਢੱਕ ਕੇ ਸਾਰੇ ਕੱਪੜੇ ਉਤਾਰਨੇ ਪੈਂਦੇ ਸੀ ਅਤੇ ਫਿਰ ਉਹਨਾਂ ਦੇ ਉੱਪਰ ਰੋਗਾਣੂਨਾਸ਼ਕ ਰਸਾਇਣ ਦਾ ਛਿੜਕਾਅ ਕੀਤਾ ਜਾਂਦਾ ਸੀ।

ਸਜ਼ਾ ਦੇ ਡਰ ਨਾਲ ਨਾਮ ਨਾ ਦੱਸਣ ਦੀ ਸ਼ਰਤ 'ਤੇ ਸ਼ਿਨਜਿਆਂਗ ਦੀ ਇਸ ਬੀਬੀ ਨੇ ਆਪਣੀ ਜ਼ਿੰਦਗੀ ਦੇ ਇਹਨਾਂ ਭਿਆਨਕ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ,''ਇਹ ਬਹੁਤ ਦੁਖਦਾਈ ਸੀ।'' ਉਸ ਨੇ ਕਿਹਾ,''ਮੇਰੇ ਹੱਥ ਖਰਾਬ ਹੋ ਗਏ, ਮੇਰੀ ਸਕਿਨ ਸੜਨ ਲੱਗੀ।'' ਉੱਤਰੀ-ਪੱਛਮੀ ਸ਼ਿਨਜਿਆਂਗ ਖੇਤਰ ਵਿਚ ਸਰਕਾਰ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਖਤ ਕਦਮ ਚੁੱਕ ਰਹੀ ਹੈ। ਜਿਸ ਵਿਚ ਲੋਕਾਂ ਨੂੰ ਘਰਾਂ ਵਿਚ ਬੰਦ ਕਰਨਾ, 40 ਦਿਨ ਤੋਂ ਵੱਧ ਦਾ ਇਕਾਂਤਵਾਸ ਅਤੇ ਇਸ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਸ਼ਾਮਲ ਹੈ।

ਸਰਕਾਰੀ ਨੋਟਿਸਾਂ, ਸੋਸ਼ਲ ਮੀਡੀਆ ਪੋਸਟ ਅਤੇ ਸ਼ਿਨਜਿਆਂਗ ਵਿਚ ਇਕਾਂਤਵਾਸ ਵਿਚ ਰਹਿ ਰਹੇ 3 ਲੋਕਾਂ ਦੇ ਮੁਤਾਬਕ ਕੁਝ ਲੋਕਾਂ ਨੂੰ ਰਵਾਇਤੀ ਚੀਨੀ ਦਵਾਈ ਖਾਣ ਲਈ ਮਜਬੂਰ ਕੀਤਾ ਗਿਆ। ਮਾਹਰ ਇਸ ਨੂੰ ਮੈਡੀਕਲ ਨੈਤਿਕਤਾ ਦੀ ਉਲੰਘਣਾ ਦੱਸ ਰਹੇ ਹਨ। ਚੀਨੀ ਦਵਾਈ ਦੇ ਵਾਇਰਸ ਖਿਲਾਫ਼ ਕੰਮ ਕਰਨ ਸਬੰਧੀ ਮੈਡੀਕਲ ਡਾਟਾ ਦੀ ਕਮੀ ਹੈ ਅਤੇ ਸ਼ਿਨਜਿਆਂਗ ਵਿਚ ਵਰਤੀ ਜਾਣ ਵਾਲੀ ਹਰਬਲ ਦਵਾਈ 'ਕਿੰਗਫੇਈ ਪਾਇਡੂ' ਵਿਚ ਅਜਿਹੀ ਸਮੱਗਰੀ ਹੈ ਜਿਸ ਨੂੰ ਜ਼ਹਿਰੀਲੀ ਅਤੇ ਕੈਂਸਰਕਾਰੀ ਪਦਾਰਥਾਂ ਦੀ ਵੱਧ ਪੱਧਰ ਹੋਣ ਕਾਰਨ ਜਰਮਨੀ, ਸਵਿਟਜ਼ਰਲੈਂਡ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਪਾਬੰਦੀਸ਼ੁਦਾ ਕੀਤਾ ਗਿਆ ਹੈ। 

ਹਾਲ ਹੀ ਦੀ ਸਖਤ ਤਾਲਾਬੰਦੀ, ਮੱਧ ਜੁਲਾਈ ਵਿਚ ਸ਼ਿਨਜਿਆਂਗ ਵਿਚ ਸਾਹਮਣੇ ਆਏ 826 ਮਾਮਲਿਆਂ ਦੇ ਕਾਰਨ ਲਗਾਈ ਗਈ ਹੈ। ਇਸ ਤਾਲਾਬੰਦੀ ਨੂੰ ਹੁਣ 45 ਦਿਨ ਹੋ ਗਏ ਹਨ। ਜੋ ਆਪਣੀ ਗੰਭੀਰਤਾ ਦੇ ਕਾਰਨ ਖਾਸ ਤੌਰ 'ਤੇ ਚਰਚਾ ਵਿਚ ਹੈ। ਇਸ ਲਈ ਵੀ ਪਿਛਲੇ ਇਕ ਹਫਤੇ ਵਿਚ ਸਥਾਨਕ ਇਨਫੈਕਸ਼ਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਖਤ ਤਾਲਾਬੰਦੀ ਪੂਰੇ ਚੀਨ ਅਤੇ ਖਾਸ ਕਰ ਕੇ ਹੁਬੇਈ ਸੂਬੇ ਦੇ ਵੁਹਾਨ ਵਿਚ ਲਗਾਈ ਗਈ ਸੀ, ਜਿੱਥੇ ਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਚੱਲਿਆ ਸੀ। ਵੁਹਾਨ ਵਿਚ 50,000 ਤੋਂ ਵੱਧ ਅਤੇ ਹੁਬੇਈ ਵਿਚ ਕੁੱਲ 68,000 ਤੋਂ ਵੱਧ ਮਤਲਬ ਸ਼ਿਨਜਿਆਂਗ ਤੋਂ ਕਿਤੇ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ ਪਰ ਉੱਥੇ ਲੋਕਾਂ ਨੂੰ ਰਵਾਇਤੀ  ਦਵਾਈ ਲੈਣ 'ਤੇ ਮਜਬੂਰ ਨਹੀਂ ਕੀਤਾ ਗਿਆ ਸੀ। ਉਹਨਾਂ ਨੂੰ ਕਸਰਤ ਕਰਨ ਜਾਂ ਫਲ-ਸਾਬਜ਼ੀ ਲੈਣ ਲਈ ਆਪਣੇ ਕੰਪਲੈਕਸ ਤੋਂ ਬਾਹਰ ਆਉਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ।


Vandana

Content Editor Vandana