ਅਗਲੇ ਮਹੀਨੇ ਦੀ ਸ਼ੁਰੂਆਤ ’ਚ ਮਾਲਦੀਵ-ਸ਼੍ਰੀਲੰਕਾ ਦਾ ਦੌਰਾ ਕਰਨਗੇ ਚੀਨ ਦੇ ਵਿਦੇਸ਼ ਮੰਤਰੀ
Friday, Dec 31, 2021 - 05:14 PM (IST)
ਬੀਜਿੰਗ– ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਮਾਲਦੀਵ ਅਤੇ ਸ਼੍ਰੀਲੰਕਾ ਦਾ ਦੌਰਾ ਕਰਨਗੇ। ਹਿੰਦ ਮਹਾਸਾਗਰ ’ਚ ਰਣਨੀਤਿਕ ਮਹੱਤਵ ਵਾਲੇ ਦੋਵਾਂ ਦੱਖਣ-ਏਸ਼ੀਆਈ ਦੇਸ਼ਾਂ ’ਚ ਆਪਣੇ ਪ੍ਰਭਾਵ ਦਾ ਵਿਸਤਾਰ ਕਰਨ ਦੇ ਬੀਜਿੰਗ ਦੀਆਂ ਕੋਸ਼ਿਸ਼ਾਂ ਤਹਿਤ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਵੀਰਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਵਾਂਗ 4 ਤੋਂ 7 ਜਨਵਰੀ ਤਕ ਇਰੀਟ੍ਰਿਆ, ਕੀਨੀਆ ਅਤੇ ਕੋਮਰੋਸ ਦਾ ਦੋਰਾ ਕਰਨਗੇ ਅਤੇ ਉਥੋਂ ਉਹ ਮਾਲਦੀਵ ਅਤੇ ਸ਼੍ਰੀਲੰਕਾ ਦੇ ਦੌਰੇ ’ਤੇ ਜਾਣਗੇ।
ਝਾਓ ਨੇ ਕਿਹਾ ਕਿ ਵਿਦੇਸ਼ ਮੰਤਰੀ ਦੀ ਦੋ ਦੱਖਣ-ਏਸ਼ੀਆਈ ਦੇਸ਼ਾਂ ਦੀ ਯਾਤਰਾ ਚੀਨ-ਮਾਲਦੀਵ ਕੂਟਨੀਤਕਕ ਸੰਬੰਧਾਂ ਦੀ 50ਵੀਂ ਵਰ੍ਹੇਗੰਢ, ਚੀਨ-ਸ਼੍ਰੀਲੰਕਾ ਕੂਟਨੀਤਕ ਸੰਬੰਧਾਂ ਦੀ 65ਵੀਂ ਵਰ੍ਹੇਗੰਢ ਅਤੇ ਕੋਲੰਬੋ ਅਤੇ ਬੀਜਿੰਗ ਵਿਚਾਰੇ ਰਬੜ-ਚੌਲ ਸਮਝੌਤੇ ਦੀ 70ਵੀਂ ਵਰ੍ਹੇਗੰਢ ਮੌਕੇ ਹੋ ਰਹੀ ਹੈ। ਸਾਲ 1952 ’ਚ ਹੋਇਆ ਰਬੜ-ਚੌਲ ਸਮਝੌਤਾ ਸ਼੍ਰੀਲੰਕਾ ਅਤੇ ਚੀਨ ਵਿਚਾਲੇ ਇਕ ਵਪਾਰਕ ਸਮਝੌਤਾ ਸੀ, ਜਿਸ ਤਹਿਤ ਕੋਲੰਬੋ ਨੇ ਚੌਲ ਦੇ ਬਦਲੇ ਬੀਜਿੰਗ ਨੂੰ ਰਬੜ ਦੀ ਸਪਲਾਈ ਕੀਤੀ।
ਵਾਂਗ ਦੀ ਮਾਲੇ ਅਤੇ ਕੋਲੰਬੋ ਦੀ ਯਾਤਰਾ ਨੂੰ ਬੀਜਿੰਗ ’ਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਚੀਨ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਵੱਡੇ ਪੱਧਰ ’ਤੇ ਨਿਵੇਸ਼ ਰਾਹੀਂ ਹਾਸਿਲ ਕੀਤੇ ਗਏ ਦੋਵਾਂ ਦੇਸ਼ਾਂ ’ਚ ਆਪਣੇ ਪ੍ਰਭਾਵ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ।