ਚੀਨੀ AI ਮਾਹਿਰਾਂ ''ਤੇ ਚੀਨ ਨੇ ਕੱਸਿਆ ਸ਼ਿਕੰਜਾ ! ਵਿਦੇਸ਼ ਜਾਣ ਤੋਂ ਪਹਿਲਾਂ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ

Tuesday, Sep 29, 2026 - 02:17 PM (IST)

ਚੀਨੀ AI ਮਾਹਿਰਾਂ ''ਤੇ ਚੀਨ ਨੇ ਕੱਸਿਆ ਸ਼ਿਕੰਜਾ ! ਵਿਦੇਸ਼ ਜਾਣ ਤੋਂ ਪਹਿਲਾਂ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ 'ਟੈੱਕ-ਵਾਰ' ਦੇ ਵਿਚਕਾਰ ਬੀਜਿੰਗ ਸਰਕਾਰ ਨੇ ਦੇਸ਼ ਦੇ ਚੋਟੀ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਸੈਮੀਕੰਡਕਟਰ ਮਾਹਿਰਾਂ 'ਤੇ ਨਿਗਰਾਨੀ ਹੋਰ ਵਧਾ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਚੀਨ ਨੇ ਵਿਦੇਸ਼ੀ ਯਾਤਰਾ ਦੀਆਂ ਪਾਬੰਦੀਆਂ ਦਾ ਘੇਰਾ ਵਧਾ ਦਿੱਤਾ ਹੈ ਤੇ ਇਨ੍ਹਾਂ ਮਾਹਰਾਂ ਦੇ ਪਰਿਵਾਰਾਂ 'ਤੇ ਵੀ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।

ਨਵੇਂ ਨਿਯਮਾਂ ਅਨੁਸਾਰ, ਰਾਸ਼ਟਰੀ ਸੁਰੱਖਿਆ ਅਤੇ ਅਹਿਮ ਟੈਕਨਾਲੋਜੀ ਨਾਲ ਜੁੜੇ AI ਵਿਗਿਆਨੀ, ਕਾਰੋਬਾਰੀਆਂ ਅਤੇ ਮੁੱਖ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਛੋਟੀ ਤੋਂ ਛੋਟੀ ਵਿਦੇਸ਼ੀ ਯਾਤਰਾ ਲਈ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਤੋਂ ਪਹਿਲਾਂ ਚੀਨ ਨੇ 'ਅਲੀਬਾਬਾ' ਅਤੇ 'ਡੀਪਸੀਕ' ਵਰਗੀਆਂ ਪ੍ਰਮੁੱਖ ਨਿਜੀ ਕੰਪਨੀਆਂ ਦੇ ਚੋਟੀ ਦੇ AI ਪੇਸ਼ੇਵਰਾਂ ਦੀਆਂ ਵਿਦੇਸ਼ੀ ਯਾਤਰਾਵਾਂ 'ਤੇ ਸ਼ਰਤਾਂ ਲਗਾਈਆਂ ਸਨ। ਹੁਣ ਇਸ ਦਾ ਘੇਰਾ ਵਧਾ ਕੇ ਉਨ੍ਹਾਂ ਦੇ ਪਰਿਵਾਰਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਜੋ ਅਹਿਮ ਤਕਨਾਲੋਜੀ ਅਤੇ ਟੈਲੇਂਟ ਨੂੰ ਦੇਸ਼ ਤੋਂ ਬਾਹਰ ਜਾਣ ਦੇ ਖ਼ਤਰੇ ਨੂੰ ਰੋਕਿਆ ਜਾ ਸਕੇ।

ਚੀਨ ਨੇ 15 ਸਤੰਬਰ ਤੋਂ ਉਦਯੋਗਿਕ ਅਤੇ ਤਕਨੀਕੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਨਵੇਂ ਯਾਤਰਾ ਪਾਬੰਦੀ ਕਾਨੂੰਨ ਲਾਗੂ ਕੀਤੇ ਹਨ। ਕਈ ਸਰਕਾਰੀ ਵਿਭਾਗਾਂ ਨੇ ਕੰਪਨੀਆਂ ਅਤੇ ਮਾਹਿਰਾਂ ਨੂੰ ਆਪਣੇ ਪਰਿਵਾਰਾਂ ਦੀਆਂ ਯਾਤਰਾਵਾਂ ਦੀ ਪਹਿਲਾਂ ਜਾਣਕਾਰੀ ਦੇਣ ਲਈ ਨੋਟਿਸ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਲਗਾਤਾਰ ਲਗਾਈਆਂ ਜਾ ਰਹੀਆਂ ਆਰਥਿਕ ਅਤੇ ਤਕਨੀਕੀ ਪਾਬੰਦੀਆਂ ਦੇ ਜਵਾਬ 'ਚ ਚੀਨ ਆਪਣੀ AI ਅਤੇ ਚਿੱਪਮੇਕਿੰਗ ਤਕਨਾਲੋਜੀ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ। ਚੀਨ ਨੂੰ ਡਰ ਹੈ ਕਿ ਦੇਸ਼ ਦੇ ਮੁੱਖ ਇੰਜੀਨੀਅਰ ਅਤੇ ਵਿਗਿਆਨੀ ਵਿਦੇਸ਼ਾਂ ਵਿੱਚ ਜਾ ਕੇ ਵਸ ਸਕਦੇ ਹਨ ਜਾਂ ਅਮਰੀਕੀ ਕੰਪਨੀਆਂ ਨਾਲ ਡਾਟਾ ਸਾਂਝਾ ਕਰ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਇਹ ਪੂਰੀ ਤਰ੍ਹਾਂ ਨਾਲ ਬੈਨ ਨਹੀਂ ਹੈ, ਪਰ ਇਸ ਫੈਸਲੇ ਨਾਲ ਚੀਨ ਦੇ ਟੈਕਨਾਲੋਜੀ ਖੇਤਰ 'ਚ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰਨ ਵਾਲੇ ਇੰਜੀਨੀਅਰਾਂ ਲਈ ਚੁਣੌਤੀਆਂ ਵਧ ਸਕਦੀਆਂ ਹਨ।


author

Harpreet SIngh

Content Editor

Related News