ਚੀਨ 'ਚ ਗੈਰ ਕਾਨੂੰਨੀ ਜੰਗਲੀ ਜੀਵ ਵਪਾਰ 'ਤੇ 'ਵਿਆਪਕ' ਪਾਬੰਦੀ
Monday, Feb 24, 2020 - 03:45 PM (IST)

ਬੀਜਿੰਗ (ਭਾਸ਼ਾ): ਚੀਨ ਨੇ ਜੰਗਲੀ ਜਾਨਵਰਾਂ ਦੇ ਵਪਾਰ ਅਤੇ ਖਪਤ 'ਤੇ ਤੁਰੰਤ ਅਤੇ 'ਵਿਆਪਕ' ਪਾਬੰਦੀ ਦਾ ਸੋਮਵਾਰ ਨੂੰ ਐਲਾਨ ਕੀਤਾ। ਸਰਕਾਰੀ ਟੀ.ਵੀ. ਦੀ ਰਿਪੋਰਟ ਮੁਤਾਬਕ ਦੇਸ਼ ਦੀ ਸੁਪਰੀਮ ਵਿਧਾਨ ਕਮੇਟੀ ਨੇ ਸੋਮਵਾਰ ਨੂੰ ਬੈਠਕ ਕੀਤੀ ਅਤੇ ਗੈਰ ਕਾਨੂੰਨੀ ਜੰਗਲੀ ਜੀਵ ਵਪਾਰ 'ਤੇ ਪੂਰੀ ਪਾਬੰਦੀ, ਜੰਗਲੀ ਜੀਵਾਂ ਦੀ ਅਤੀ ਖਪਤ ਦੀ ਬੁਰੀ ਆਦਤ ਨੂੰ ਖਤਮ ਕਰਨ ਅਤੇ ਲੋਕਾਂ ਦੀ ਸਿਹਤ ਅਤੇ ਜੀਵਨ ਨੂੰ ਪ੍ਰਭਾਵੀ ਰੂਪ ਤੋਂ ਬਚਾਉਣ ਲਈ ਇਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਜੰਗਲੀ ਜੀਵਾਂ ਦੇ ਵਪਾਰ ਅਤੇ ਖਪਤ ਦੇ ਕਾਰਨ ਹੀ ਕੋਰੋਨਾਵਾਇਰਸ ਦਾ ਜਾਨਲੇਵਾ ਪ੍ਰਕੋਪ ਫੈਲਿਆ ਹੈ। ਖਤਰਨਾਕ ਕੋਰੋਨਾਵਾਇਰਸ ਦੇ ਕਾਰਨ ਚੀਨ ਨੇ ਅੱਜ ਆਪਣੀ ਸੰਸਦ ਦੇ ਸਾਲਾਨਾ ਸੈਸ਼ਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ।
ਇੱਥੇ ਦੱਸ ਦਈਏ ਕਿ ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 2,592 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 77,000 ਤੋਂ ਵੱਧ ਪੀੜਤ ਹਨ। ਜਾਨਲੇਵਾ ਕੋਰੋਨਾਵਾਇਰਸ ਦੁਨੀਆ ਦੇ 25 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਸਥਿਤੀ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਹੋਇਆ ਹੈ। ਚੀਨ ਦੇ ਬਾਹਰ ਹੁਣ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।ਇਸ ਦੇ ਇਲਾਵਾ ਹੋਰ ਦੇਸ਼ਾਂ ਵਿਚ ਵੀ ਲੋਕਾਂ ਦੇ ਇਸ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਮਾਮਲੇ ਸਾਹਮਣੇ ਆਏ ਹਨ।