ਚੀਨ ਨੇ ਪਾਕਿਸਤਾਨ ਨੂੰ ਕਰਜ਼ ਸਬੰਧੀ ਟਿੱਪਣੀ ਨੂੰ ਲੈ ਕੇ ਕੀਤੀ ਬਲਿੰਕਨ ਦੀ ਆਲੋਚਨਾ
Wednesday, Sep 28, 2022 - 03:15 PM (IST)
ਬੀਜਿੰਗ- ਚੀਨ ਨੇ ਮੰਗਲਵਾਰ ਨੂੰ ਅਮਰੀਕਾ ਦੀ ਉਸ ਟਿੱਪਣੀ ਦੀ ਆਲੋਚਨਾ ਕੀਤੀ ਜਿਸ 'ਚ ਉਸ ਨੇ ਪਾਕਿਸਤਾਨ ਦੀ ਹੜ੍ਹ ਨਾਲ ਭਿਆਨਕ ਸਥਿਤੀ ਨਾਲ ਨਿਪਟਣ ਲਈ ਆਪਣੇ ਕਰੀਬੀ ਸਹਿਯੋਗੀ ਬੀਜਿੰਗ ਤੋਂ ਕਰਜ਼ 'ਚ ਰਾਹਤ ਦੇਣ ਦੀ ਮੰਗ ਕਰਨ ਦੀ ਸਲਾਹ ਦਿੱਤੀ ਸੀ। ਬੀਜਿੰਗ ਨੇ ਕਿਹਾ ਕਿ ਚੀਨ-ਪਾਕਿਸਤਾਨ ਸਹਿਯੋਗ ਦੀ 'ਅਨੁਚਿਤ ਆਲੋਚਨਾ' ਕਰਨ ਦੀ ਬਜਾਏ ਵਾਸ਼ਿੰਗਟਨ ਨੂੰ ਪਾਕਿਸਤਾਨੀ ਲੋਕਾਂ ਲਈ ਕੁਝ ਅਜਿਹਾ ਕਰਨਾ ਚਾਹੀਦਾ, ਜਿਸ ਨਾਲ ਉਨ੍ਹਾਂ ਨੂੰ ਲਾਭ ਮਿਲ ਸਕੇ।
ਵਾਸ਼ਿੰਗਟਨ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਨਾਲ ਗੱਲਬਾਤ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਅਸੀਂ ਇਕ ਸਾਧਾਰਨ ਸੰਦੇਸ਼ ਦਿੰਦੇ ਹਾਂ। ਅਸੀਂ ਇਥੇ ਪਾਕਿਸਤਾਨ ਦੀ ਮਦਦ ਦੇ ਲਈ ਹਾਂ, ਜਿਥੇ ਅਸੀਂ ਪਿਛਲੀ ਕੁਦਰਤੀ ਆਫਤਾਂ ਦੇ ਦੌਰਾਨ ਸੀ। ਮੈਂ ਆਪਣੇ ਸਹਿਯੋਗੀਆਂ ਤੋਂ ਕਰਜ਼ ਰਾਹਤ ਤੇ ਮੁੜ ਨਿਰਮਾਣ ਦੇ ਕੁਝ ਮਹੱਤਵਪੂਰਨ ਮੁੱਦਿਆਂ 'ਤੇ ਚੀਨ ਨੂੰ ਸ਼ਾਮਲ ਕਰਨ ਦੀ ਵੀ ਅਪੀਲ ਕਰਦਾ ਹਾਂ ਤਾਂ ਜੋ ਪਾਕਿਸਤਾਨ ਹੜ੍ਹ ਦੀ ਦਹਿਸ਼ਤ ਤੋਂ ਹੋਰ ਤੇਜ਼ੀ ਨਾਲ ਉਭਰ ਸਕੇ।
ਬਲਿੰਕਨ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਥੇ ਪ੍ਰੈਸਵਾਰਤਾ ਦੌਰਾਨ ਕਿਹਾ ਕਿ ਜਦੋਂ ਤੋਂ ਪਾਕਿਸਤਾਨ 'ਚ ਹੜ੍ਹ ਆਇਆ ਹੈ, ਚੀਨ ਨੇ ਜ਼ਰੂਰਤ ਦੇ ਇਸ ਸਮੇਂ 'ਚ ਆਪਣੇ ਸੱਚੇ ਦੋਸਤ ਦੀ ਅੱਗੇ ਵਧ ਕੇ ਸਹਾਇਤਾ ਕੀਤੀ ਅਤੇ ਉਸ ਨੂੰ 5.7 ਕਰੋੜ ਡਾਲਰ ਦੀ ਮਨੁੱਖੀ ਸਹਾਇਤਾ ਉਪਲੱਬਧ ਕਰਵਾਈ ਹੈ। ਵੇਨਬਿਨ ਨੇ ਕਿਹਾ ਕਿ ਚੀਨ, ਪਾਕਿਸਤਾਨ ਦੀ ਸਹਾਇਤਾ ਕਰਨੀ ਜਾਰੀ ਰੱਖੇਗਾ ਤਾਂ ਜੋ ਪਾਕਿਸਤਾਨ ਜਲਦ ਹੀ ਹੜ੍ਹ ਦੀ ਸਮੱਸਿਆ ਤੋਂ ਉਭਰ ਸਕੇ।