ਚੀਨ ਨੇ ਜੀ-7 ਦੇਸ਼ਾਂ ਦੇ ਸੰਯੁਕਤ ਬਿਆਨ ਦਾ ਕੀਤਾ ਸਖ਼ਤ ਵਿਰੋਧ, ਲਗਾਏ ਦੋਸ਼

05/21/2023 4:40:23 PM

ਬੀਜਿੰਗ (ਭਾਸ਼ਾ)- ਚੀਨ ਨੇ ਜੀ-7 ਦੇਸ਼ਾਂ ਦੇ ਹੀਰੋਸ਼ੀਮਾ ਸੰਯੁਕਤ ਬਿਆਨ ‘ਤੇ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ, ਜਿਸ ‘ਚ ਬੀਜਿੰਗ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਇਸ ਬਿਆਨ 'ਚ ਜੀ-7 ਦੇਸ਼ਾਂ ਨੇ ਤਾਈਵਾਨ, ਪੂਰਬੀ ਅਤੇ ਦੱਖਣੀ ਚੀਨ ਸਾਗਰ 'ਚ ਚੀਨ ਦੇ ਹਮਲੇ 'ਤੇ ਚਿੰਤਾ ਜ਼ਾਹਰ ਕੀਤੀ ਹੈ। ਜਾਪਾਨ ਦੇ ਹੀਰੋਸ਼ੀਮਾ 'ਚ ਹੋਏ ਸਿਖਰ ਸੰਮੇਲਨ 'ਚ ਚੀਨ ਨਾਲ ਜੁੜੇ ਮੁੱਦੇ ਵੱਡੇ ਪੱਧਰ 'ਤੇ ਉਠਾਏ ਗਏ ਸਨ। ਜੀ-7 ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਸ਼ਾਮਲ ਹਨ। ਸੰਯੁਕਤ ਬਿਆਨ ਦਾ ਹਿੱਸਾ ਚੀਨ ਬਾਰੇ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਚੀਨ ਨਾਲ "ਉਸਾਰੂ ਅਤੇ ਸਥਿਰ ਸਬੰਧ" ਚਾਹੁੰਦੇ ਹਨ। 

ਜੀ-7 ਦੇਸ਼ਾਂ ਨੇ ਪ੍ਰਗਟਾਈ ਚਿੰਤਾ

ਬਿਆਨ 'ਚ ਤਾਈਵਾਨ, ਪੂਰਬੀ ਅਤੇ ਦੱਖਣੀ ਚੀਨ ਸਾਗਰ 'ਚ ਚੀਨ ਦੇ ਹਮਲਾਵਰ ਰੁਖ਼ 'ਤੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਸ਼ਨੀਵਾਰ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਜੀ-7 ਦੇਸ਼ਾਂ ਨੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਨਾਲ ਸਹਿਯੋਗ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਪਰ ਕਿਹਾ ਕਿ ਇਸ ਦੇ "ਨੁਕਸਾਨਦਾਇਕ ਇਰਾਦਿਆਂ" ਅਤੇ "ਜ਼ਬਰਦਸਤੀ" ਦਾ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ। ਸਾਂਝੇ ਬਿਆਨ ਵਿੱਚ ਤਿੱਬਤ, ਹਾਂਗਕਾਂਗ ਅਤੇ ਸ਼ਿਨਜਿਆਂਗ ਸਮੇਤ ਚੀਨ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਚਿੰਤਾ ਪ੍ਰਗਟਾਈ ਗਈ ਹੈ। ਬੀਜਿੰਗ 'ਤੇ ਹਜ਼ਾਰਾਂ ਉਈਗਰ ਮੁਸਲਮਾਨਾਂ ਨੂੰ ਸ਼ਿਨਜਿਆਂਗ ਵਿਚ ਜ਼ਬਰੀ ਮਜ਼ਦੂਰ ਕੈਂਪਾਂ ਵਿਚ ਰੱਖਣ ਦਾ ਦੋਸ਼ ਹੈ। 

ਚੀਨ ਨੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਦਾ ਲਗਾਇਆ ਦੋਸ਼

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੇਰ ਰਾਤ ਇਕ ਬਿਆਨ 'ਚ ਕਿਹਾ ਕਿ ''ਚੀਨ ਦੀ ਗੰਭੀਰ ਚਿੰਤਾ ਦੇ ਬਾਵਜੂਦ ਜੀ-7 ਨੇ ਬੀਜਿੰਗ ਨੂੰ ਬਦਨਾਮ ਕਰਨ ਅਤੇ ਹਮਲਾ ਕਰਨ ਲਈ ਚੀਨ ਨਾਲ ਜੁੜੇ ਮੁੱਦਿਆਂ ਦੀ ਵਰਤੋਂ ਕੀਤੀ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਖੁੱਲ੍ਹ ਕੇ ਦਖਲ ਦਿੱਤਾ। ਚੀਨ ਨੇ ਇਕ ਬਿਆਨ 'ਚ ਕਿਹਾ ਕਿ ''ਚੀਨ ਇਸ (ਜੀ-7 ਸੰਯੁਕਤ ਬਿਆਨ) ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਇਸ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਸੰਮੇਲਨ ਦੇ ਮੇਜ਼ਬਾਨ ਜਾਪਾਨ ਅਤੇ ਹੋਰ ਸਬੰਧਤ ਧਿਰਾਂ 'ਤੇ ਗੰਭੀਰ ਇਤਰਾਜ਼ ਜਤਾਇਆ ਹੈ। ਜੀ-7 ਸਮੂਹ ਨੇ ਸ਼ਨੀਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਣਨੀਤਕ ਭਾਈਵਾਲ ਰੂਸ 'ਤੇ ਯੂਕ੍ਰੇਨ ਖ਼ਿਲਾਫ਼ ਆਪਣੀ ਜੰਗ ਖ਼ਤਮ ਕਰਨ ਲਈ ਦਬਾਅ ਬਣਾਏ। ਸਮੂਹ ਦੇ ਨੇਤਾਵਾਂ ਨੇ ਤਾਈਵਾਨ 'ਤੇ ਚੀਨ ਦੇ ਦਾਅਵੇ ਦੇ "ਸ਼ਾਂਤਮਈ ਹੱਲ" ਦੀ ਮੰਗ ਕੀਤੀ। ਸਾਂਝੇ ਬਿਆਨ 'ਚ ਕਿਹਾ ਗਿਆ ਕਿ ''ਦੱਖਣੀ ਚੀਨ ਸਾਗਰ 'ਚ ਚੀਨ ਦੇ ਸਮੁੰਦਰੀ ਦਾਅਵਿਆਂ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਅਤੇ ਅਸੀਂ ਖੇਤਰ 'ਚ ਚੀਨ ਦੀਆਂ ਫੌਜੀਕਰਨ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਦੇ ਹਾਂ।'' 

ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ ਦੀ ਯਾਤਰਾ ਮਗਰੋਂ ਪਾਪੂਆ ਨਿਊ ਗਿਨੀ ਰਵਾਨਾ ਹੋਏ PM ਮੋਦੀ, ਮਿਲੇਗਾ 'ਵਿਸ਼ੇਸ਼' ਸਨਮਾਨ

ਜੀ-7 ਨੇਤਾ ਮੁੱਦਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ 

ਤਾਈਵਾਨ ਦੇ ਹਵਾਲੇ 'ਤੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਜੀ-7 ਨੇਤਾ ਮੁੱਦਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹਨ। ਚੀਨ ਨਾਲ ਸਬੰਧਤ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ “ਤਾਈਵਾਨ ਮੁੱਦੇ ਨੂੰ ਹੱਲ ਕਰਨਾ ਚੀਨ ਦਾ ਮਾਮਲਾ ਹੈ। ਚੀਨ ਨੇ ਬਿਆਨ ਵਿੱਚ ਕਿਹਾ ਕਿ “ਇੱਕ-ਚੀਨ ਸਿਧਾਂਤ ਤਾਈਵਾਨ ਜਲਡਮਰੂਮੱਧ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਇੱਕ ਠੋਸ ਉਪਾਅ ਹੈ। ਕਿਸੇ ਨੂੰ ਵੀ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਵਿੱਚ ਚੀਨੀ ਲੋਕਾਂ ਦੇ ਦ੍ਰਿੜ ਇਰਾਦੇ, ਸੰਕਲਪ ਅਤੇ ਯੋਗਤਾ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਹੈ।” ਚੀਨ ਨੇ ਇਹ ਵੀ ਕਿਹਾ ਕਿ “ਹਾਂਗਕਾਂਗ, ਸ਼ਿਨਜਿਆਂਗ ਅਤੇ ਤਿੱਬਤ ਨਾਲ ਸਬੰਧਤ ਮਾਮਲੇ ਪੂਰੀ ਤਰ੍ਹਾਂ ਚੀਨ ਦੇ ਅੰਦਰੂਨੀ ਮਾਮਲੇ ਹਨ। ਚੀਨ ਮਨੁੱਖੀ ਅਧਿਕਾਰਾਂ ਦੇ ਬਹਾਨੇ ਇਨ੍ਹਾਂ ਮਾਮਲਿਆਂ ਵਿੱਚ ਕਿਸੇ ਵੀ ਬਾਹਰੀ ਤਾਕਤ ਦੀ ਦਖਲਅੰਦਾਜ਼ੀ ਦਾ ਸਖਤੀ ਨਾਲ ਵਿਰੋਧ ਕਰਦਾ ਹੈ।” ਬਿਆਨ ਵਿਚ ਕਿਹਾ ਗਿਆ ਹੈ ਕਿ “ਜੀ-7 ਨੂੰ ਹਾਂਗਕਾਂਗ, ਸ਼ਿਨਜਿਆਂਗ ਅਤੇ ਤਿੱਬਤ ਨੂੰ ਲੈ ਕੇ ਚੀਨ ਵੱਲ ਉਂਗਲ ਉਠਾਉਣੀ ਬੰਦ ਕਰਨੀ ਚਾਹੀਦੀ ਹੈ ਅਤੇ ਆਪਣੇ ਇਤਿਹਾਸ ਅਤੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਦੇਖਣਾ ਚਾਹੀਦਾ ਹੈ।” 

ਅਮਰੀਕਾ ਨੂੰ ਠਹਿਰਾਇਆ ਜ਼ਿੰਮੇਵਾਰ

ਬਿਆਨ 'ਚ ਪੂਰਬੀ ਅਤੇ ਦੱਖਣੀ ਚੀਨ ਸਾਗਰ 'ਤੇ ਆਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਕਿਹਾ ਗਿਆ ਹੈ ਕਿ ਚੀਨ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨ ਦਾ ਰਖਵਾਲਾ ਅਤੇ ਯੋਗਦਾਨ ਦੇਣ ਵਾਲਾ ਹੈ। ਸਬੰਧਤ ਦੇਸ਼ਾਂ ਨੂੰ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਖੇਤਰੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਖੇਤਰੀ ਦੇਸ਼ਾਂ ਦਰਮਿਆਨ ਦਰਾਰ ਪੈਦਾ ਕਰਨ ਅਤੇ ਧੜੇਬੰਦੀਆਂ ਨੂੰ ਭੜਕਾਉਣ ਲਈ ਸਮੁੰਦਰੀ ਮੁੱਦਿਆਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਚੀਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਿੱਥੋਂ ਤੱਕ "ਆਰਥਿਕ ਦਬਾਅ" ਦਾ ਸਵਾਲ ਹੈ, ਇਹ ਅਮਰੀਕਾ ਹੀ ਹੈ ਜੋ ਵੱਡੇ ਪੱਧਰ 'ਤੇ ਇਕਪਾਸੜ ਪਾਬੰਦੀਆਂ ਲਾਉਂਦਾ ਹੈ ਅਤੇ ਉਦਯੋਗਿਕ ਅਤੇ ਸਪਲਾਈ ਚੇਨ ਨੂੰ ਵਿਗਾੜਨ ਅਤੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਇੱਕ ਹਥਿਆਰ ਦੇ ਤੌਰ ਤੇ ਸਿਆਸੀਕਰਨ ਕਰਦਾ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News