ਕੋਰੋਨਾਵਾਇਰਸ ਨਾਲ ਵੁਹਾਨ ਦੇ ਹਸਪਤਾਲ ਦੇ ਡਾਇਰੈਕਟਰ ਦੀ ਮੌਤ

Tuesday, Feb 18, 2020 - 12:43 PM (IST)

ਕੋਰੋਨਾਵਾਇਰਸ ਨਾਲ ਵੁਹਾਨ ਦੇ ਹਸਪਤਾਲ ਦੇ ਡਾਇਰੈਕਟਰ ਦੀ ਮੌਤ

ਬੀਜਿੰਗ (ਭਾਸ਼ਾ): ਚੀਨ ਵਿਚ ਮੰਗਲਵਾਰ ਨੂੰ ਇਕ ਹਸਪਤਾਲ ਦੇ ਡਾਇਰੈਕਟਰ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਸੀ.ਸੀ.ਟੀ.ਵੀ. ਨੇ ਇਹ ਜਾਣਕਾਰੀ ਦਿੱਤੀ। ਵੁਹਾਨ ਸਥਿਤ ਵੁਚਾਂਗ ਹਸਪਤਾਲ ਦੇ ਡਾਇਰੈਕਟਰ ਲਿਉ ਝਿਮਿੰਗ ਦੀ ਜਾਨ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਉਹਨਾਂ ਦੀ ਮੌਤ ਹੋ ਗਈ। ਲਿਉ ਤੋ ਪਹਿਲਾਂ ਕੋਰੋਨਾਵਾਇਰਸ ਦੇ ਕਾਰਨ ਹਸਪਤਾਲ ਦੇ ਡਾਇਰੈਕਟਰ ਪੱਧਰ ਦੇ ਵਿਅਕਤੀ ਦੇ ਮਰਨ ਦੀ ਕੋਈ ਖਬਰ ਨਹੀਂ ਸੀ। 

ਅਧਿਕਾਰਤ ਅੰਕੜਿਆਂ ਦੇ ਮੁਤਾਬਕ ਦੇਸ਼ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 6 ਮੈਡੀਕਲ ਕਰਮੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1,716 ਕਰਮੀ ਇਸ ਨਾਲ ਇਨਫੈਕਟਿਡ ਹਨ। ਲਿਉ ਦੀ ਮੌਤ ਦੀ ਖਬਰ ਸਭ ਤੋਂ ਪਹਿਲਾਂ ਚੀਨੀ ਮੀਡੀਆ ਅਤੇ ਬਲਾਗਰਾਂ ਨੇ ਮੰਗਲਵਾਰ ਅੱਧੀ ਰਾਤ ਦੇ ਬਾਅਦ ਦਿੱਤੀ ਸੀ ਪਰ ਫਿਰ ਇਸ ਖਬਰ ਨੂੰ ਹਟਾ ਦਿੱਤਾ ਗਿਆ। ਉਦੋਂ ਦੱਸਿਆ ਜਾ ਰਿਹਾ ਸੀ ਕਿ ਡਾਕਟਰ ਲਿਉ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲਿਉ ਦੀ ਮੌਤ ਨੂੰ ਵੁਹਾਨ ਦੇ ਅੱਖਾਂ ਦੇ ਡਾਕਟਰ ਲੀ ਵੇਨ ਲਿਯਾਂਗ ਦੀ ਮੌਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। 

ਅੱਖਾਂ ਦੇ ਮਾਹਰ ਲੀ ਵੇਨ ਲਿਯਾਂਗ ਨੂੰ ਦਸੰਬਰ ਦੇ ਅਖੀਰ ਵਿਚ ਕੋਰੋਨਾਵਾਇਰਸ ਦੇ ਖਤਰੇ ਦੇ ਪ੍ਰਤੀ ਸਾਵਧਾਨ ਕਰਨ ਲਈ ਚੀਨੀ ਪੁਲਸ ਨੇ ਸਜ਼ਾ ਦਿੱਤੀ ਸੀ। ਲੀ ਦੀ ਮੌਤ 'ਤੇ ਦੇਸ਼ ਵਿਆਪੀ ਵਿਰੋਧ ਪੈਦਾ ਹੋ ਗਿਆ ਸੀ ਅਤੇ ਲੋਕਾਂ ਨੇ ਸਰਕਾਰੀ ਵਿਵਸਥਾ 'ਤੇ ਵਾਇਰਸ ਦੇ ਖਤਰੇ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ ਸੀ। ਲੋਕਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਲਿਉ ਦੇ ਨਾਲ ਲੀ ਨੂੰ ਵੀ ਯਾਦ ਕੀਤਾ। ਵੁਹਾਨ ਵਿਚ ਡਾਕਟਰਾਂ ਕੋਲ ਮਾਸਕ ਅਤੇ ਰੱਖਿਆਤਮਕ ਬੌਡੀਸੂਟਾਂ ਦੀ ਕਮੀ ਹੈ। ਕੁਝ ਡਾਕਟਰ ਤਾਂ ਕੰਮਚਲਾਊ ਮਾਸਕ ਅਤੇ ਸੂਟ ਪਹਿਨ ਕੇ ਲਗਾਤਾਰ ਕੰਮ ਕਰ ਰਹੇ ਹਨ। ਸਿਹਤ ਕਰਮੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਡਾਕਟਰਾਂ ਵਿਚ ਸਾਹ ਸਬੰਧੀ ਸਮੱਸਿਆ ਦੇ ਲੱਛਣ ਨਜ਼ਰ ਆ ਰਹੇ ਪਰ ਮੈਡੀਕਲ ਕਰਮੀਆਂ ਦੀ ਕਮੀ ਦੇ ਕਾਰਨ ਉਹਨਾਂ ਨੂੰ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ।


author

Vandana

Content Editor

Related News