ਤਾਈਵਾਨ ’ਤੇ ਜਾਪਾਨ ਦੇ ਪਹਿਲੇ ਰੱਖਿਆ ਵ੍ਹਾਈਟ ਪੇਪਰ ਤੋਂ ਭੜਕਿਆ ਚੀਨ
Wednesday, Aug 11, 2021 - 10:55 AM (IST)
ਅਮਰੀਕਾ ਅਤੇ ਚੀਨ ਦੇ ਦਰਮਿਆਨ ਤਣਾਅ ਅਤੇ ਇਸ ਦੇ ਨਾਲ ਦੱਖਣੀ-ਪੂਰਬੀ ਏਸ਼ੀਆ ’ਚ ਚੀਨ ਦੇ ਕਾਰਨ ਖਰਾਬ ਹੁੰਦੇ ਹਾਲਾਤ ਦੇ ਪਿਛੋਕੜ ’ਚ ਜਾਪਾਨ ਨੇ ਆਪਣੇ ਸਾਲਾਨਾ ਰੱਖਿਆ ਵ੍ਹਾਈਟ ਪੇਪਰ ’ਚ ਇਕ ਐਲਾਨ ਕਰ ਕੇ ਚੀਨ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਜਾਪਾਨ ਨੇ ਆਪਣੇ ਰੱਖਿਆ ਵ੍ਹਾਈਟ ਪੇਪਰ ’ਚ ਕਿਹਾ ਹੈ ਕਿ ਜੇਕਰ ਕਿਸੇ ਵੀ ਦੇਸ਼ ਨੇ ਤਾਈਵਾਨ ਉਪਰ ਹਮਲਾ ਕੀਤਾ ਤਾਂ ਜਾਪਾਨ ਉਸ ਦਾ ਡਟਵਾਂ ਵਿਰੋਧ ਕਰੇਗਾ। ਇਸ ਵ੍ਹਾਈਟ ਪੇਪਰ ’ਚ ਜਾਪਾਨ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਆਉਣ ਵਾਲੇ 5 ਸਾਲਾਂ ’ਚ ਜਾਪਾਨ ਨੂੰ ਤਾਈਵਾਨ ਦੀ ਰੱਖਿਆ ਲਈ ਚੀਨ ਨਾਲ ਜੰਗ ਲੜਨੀ ਪੈ ਸਕਦੀ ਹੈ।
ਜਾਪਾਨ ਦੇ ਰੱਖਿਆ ਵ੍ਹਾਈਟ ਪੇਪਰ ਨੇ ਚੀਨ ਦੀ ਨੀਂਦ ਉਡਾ ਦਿੱਤੀ ਹੈ ਅਤੇ ਚੀਨ ਨੇ ਜਾਪਾਨ ਦੇ ਇਸ ਵ੍ਹਾਈਟ ਪੇਪਰ ਦਾ ਵਿਰੋਧ ਵੀ ਕੀਤਾ ਹੈ। ਜਿਵੇਂ-ਜਿਵੇਂ ਤਾਈਵਾਨ ਨੂੰ ਲੈ ਕੇ ਪੂਰਬੀ ਚੀਨ ਸਾਗਰ ’ਚ ਤਣਾਅ ਵਧਦਾ ਗਿਆ ਤਿਵੇਂ-ਤਿਵੇਂ ਚੀਨ ਨੂੰ ਲੈ ਕੇ ਜਾਪਾਨ ਦੇ ਬਿਆਨ ਵੀ ਤੇਜ਼ ਹੁੰਦੇ ਗਏ। ਜੁਲਾਈ 2021 ਦੀ ਸ਼ੁਰੂਆਤ ’ਚ ਜਾਪਾਨ ਦੇ ਉਪ-ਪ੍ਰਧਾਨ ਮੰਤਰੀ ਤਾਰੋ ਆਸਾ ਨੇ ਕਿਹਾ ਕਿ ਜੇਕਰ ਚੀਨ ਆਪਣਾ ਹਮਲਾਵਰਪੁਣਾ ਖ਼ਤਮ ਨਹੀਂ ਕਰਦਾ ਹੈ ਤਾਂ ਜਾਪਾਨ ਅਮਰੀਕਾ ਦੇ ਨਾਲ ਰਲ ਕੇ ਤਾਈਵਾਨ ਦੀ ਰੱਖਿਆ ਲਈ ਅੱਗੇ ਆਵੇਗਾ।ਚੀਨ ਨੇ ਜਾਪਾਨ ਦੇ ਇਨ੍ਹਾਂ ਬਿਆਨਾਂ ਦੀ ਸਖ਼ਤ ਨਿੰਦਾ ਕੀਤੀ ਅਤੇ ਵਿਦੇਸ਼ ਵਿਭਾਗ ਦੇ ਬੁਲਾਰੇ ਲਿਸ਼ਿਆਨ ਨੇ ਕਿਹਾ ਹੈ ਕਿ ਜਾਪਾਨ ਦੇ ਇਸ ਬਿਆਨ ਨੇ ਚੀਨ-ਜਾਪਾਨ ਦੇ ਰਿਸ਼ਤਿਆਂ ਨੂੰ ਖਰਾਬ ਕੀਤਾ ਹੈ, ਹਾਲਾਂਕਿ ਚੀਨ ਨੇ ਬਾਅਦ ’ਚ ਕਿਹਾ ਕਿ ਤਾਈਵਾਨ ਨੂੰ ਲੈ ਕੇ ਕਿਸੇ ਵੀ ਵਿਵਾਦ ਦਾ ਹੱਲ ਗੱਲਬਾਤ ਨਾਲ ਕੀਤਾ ਜਾਵੇਗਾ।
ਦਰਅਸਲ ਚੀਨ ਤਾਈਵਾਨ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਚੀਨ ਤਾਈਵਾਨ ਜਲਡਮਰੂ-ਮੱਧ ਇਲਾਕੇ ’ਚ ਆਪਣੀ ਸਮੁੰਦਰੀ ਫੌਜ ਨੂੰ ਭੇਜਦਾ ਰਿਹਾ ਹੈ। ਇਸ ਦੇ ਇਲਾਵਾ ਉਹ ਆਪਣੇ ਲੜਾਕੂ ਜਹਾਜ਼ਾਂ ਨੂੰ ਵੀ ਤਾਈਵਾਨ ਦੇ ਹਵਾਈ ਖੇਤਰ ’ਚ ਭੇਜਦਾ ਰਿਹਾ ਹੈ, ਇਸ ਦੀ ਤੀਬਰਤਾ ਨੂੰ ਚੀਨ ਨੇ ਸਾਲ 2021 ’ਚ ਵਧਾ ਦਿੱਤਾ ਹੈ। ਪਹਿਲੀ ਜੁਲਾਈ 2021 ਨੂੰ ਚੀਨ ਨੇ ਕਮਿਊਨਿਸਟ ਪਾਰਟੀ ਦੀ ਜਯੰਤੀ ਮਨਾਈ ਹੈ ਅਤੇ ਇਸ ਦੌਰਾਨ ਆਪਣੇ ਭਾਸ਼ਣ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਜਲਦੀ ਹੀ ਤਾਈਵਾਨ ਨੂੰ ਆਪਣੇ ਇਲਾਕੇ ’ਚ ਮਿਲਾ ਲਵੇਗਾ। ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਪਹਿਲਾਂ ਵੀ ਚੀਨ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਜੇਕਰ ਤਾਈਵਾਨ ਨੂੰ ਆਪਣੇ ਇਲਾਕੇ ’ਚ ਰਲਾਉਣ ਲਈ ਉਸ ਨੂੰ ਫੌਜੀ ਦਖਲਅੰਦਾਜ਼ੀ ਕਰਨੀ ਪਈ ਤਾਂ ਉਹ ਉਸ ਤੋਂ ਪਿੱਛੇ ਨਹੀਂ ਹਟੇਗਾ।
ਦੱਖਣੀ ਚੀਨ ਸਾਗਰ ’ਚ ਚੀਨ ਦੇ ਵਧਦੇ ਹਮਲਾਵਰਪੁਣੇ ਨਾਲ ਬਾਕੀ ਦੇਸ਼ਾਂ ਦੇ ਨਾਲ ਜਾਪਾਨ ਲਈ ਵੀ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਜਾਪਾਨ ਇਲੈਕਟ੍ਰਾਨਿਕਸ ਯੰਤਰਾਂ ’ਚ ਦੁਨੀਆ ’ਚ ਮੋਹਰੀ ਦੇਸ਼ ਹੈ, ਓਧਰ ਤਾਈਵਾਨ ਦੁਨੀਆ ’ਚ ਸਭ ਤੋਂ ਵੱਡਾ ਸੈਮੀ-ਕੰਡਕਟਰ ਬਣਾਉਣ ਵਾਲਾ ਦੇਸ਼ ਹੈ, ਜਿਸ ਦੀ ਵਰਤੋਂ ਹਰ ਇਲੈਕਟ੍ਰਾਨਿਕ ਯੰਤਰ ’ਚ ਹੁੰਦੀ ਹੈ। ਜਾਪਾਨ ਤਾਈਵਾਨ ਤੋਂ ਵੱਡੀ ਗਿਣਤੀ ’ਚ ਸੈਮੀ-ਕੰਡਕਟਰ ਦਰਾਮਦ ਕਰਦਾ ਹੈ ਅਤੇ ਉਸ ਦੀ ਵਰਤੋਂ ਆਪਣੇ ਇਲੈਕਟ੍ਰਾਨਿਕਸ ਯੰਤਰਾਂ ’ਚ ਕਰਦਾ ਹੈ। ਜੇਕਰ ਚੀਨ ਤਾਈਵਾਨ ’ਤੇ ਆਪਣਾ ਕਬਜ਼ਾ ਕਰਦਾ ਹੈ ਤਾਂ ਜਾਪਾਨ ਨੂੰ ਤਾਈਵਾਨ ਤੋਂ ਸੈਮੀ-ਕੰਡਕਟਰ ਦੀ ਸਪਲਾਈ ’ਚ ਰੁਕਾਵਟ ਆਵੇਗੀ ਅਤੇ ਜਾਪਾਨ ਨੂੰ ਨੁਕਸਾਨ ਹੋਵੇਗਾ। ਉਂਝ ਤਾਈਵਾਨ ਲਗਭਗ ਪੂਰੀ ਦੁਨੀਆ ’ਚ ਸੈਮੀ-ਕੰਡਕਟਰਜ਼ ਸਪਲਾਈ ਕਰਦਾ ਹੈ। ਇਸ ’ਚ ਚੀਨ ਅਤੇ ਅਮਰੀਕਾ ਵੀ ਸ਼ਾਮਲ ਹੈ।
ਓਧਰ ਜਾਪਾਨ ਨੂੰ ਖਾੜੀ ਦੇਸ਼ਾਂ ਤੋਂ ਤੇਲ ਹਿੰਦ ਮਹਾਸਾਗਰ ਦੇ ਰਸਤੇ ਮਲੇਸ਼ੀਆ ਦੇ ਮਲੱਕਾ ਜਲਡਮਰੂ ਤੋਂ ਹੁੰਦੇ ਹੋਏ ਉੱਤਰੀ ਫਿਲੀਪੀਨਸ ਅਤੇ ਦੱਖਣੀ ਤਾਈਵਾਨ ਦੇ ਸਮੁੰਦਰੀ ਖੇਤਰ ਦੇ ਦਰਮਿਆਨ ਲੂਸ਼ੁਨ ਜਲਡਮਰੂ ਦੇ ਰਸਤੇ ਪਹੁੰਚਦਾ ਹੈ। ਮਲੱਕਾ ਜਲਡਮਰੂ ਤੋਂ ਉੱਤਰ ’ਚ ਦੱਖਣੀ ਚੀਨ ਸਾਗਰ ਹੈ, ਜਿੱਥੇ ਚੀਨ ਦੀਆਂ ਫੌਜੀ ਸਰਗਰਮੀਆਂ ਆਪਣੇ ਸਿਖਰ ’ਤੇ ਹਨ। ਇਨ੍ਹਾਂ ਦੋਵਾਂ ਅੜਿੱਕਿਆਂ ਨਾਲ ਜਾਪਾਨ ਨੂੰ ਨਾ ਤਾਂ ਤੇਲ ਪਹੁੰਚੇਗਾ ਅਤੇ ਨਾ ਹੀ ਉਸ ਦੇ ਇਲੈਕਟ੍ਰਾਨਿਕ ਉਤਪਾਦਾਂ ਲਈ ਸੈਮੀ-ਕੰਡਕਟਰ। ਇਸ ਨਾਲ ਜਾਪਾਨ ਦੇ ਇਲੈਕਟ੍ਰਾਨਿਕ ਉਦਯੋਗ ਅਤੇ ਆਟੋਮੋਟਿਵ ਉਦਯੋਗ ਨੂੰ ਸਿੱਧੇ ਤੌਰ ’ਤੇ ਘਾਟਾ ਪਵੇਗਾ। ਇਸ ਲਈ ਜਾਪਾਨ ਤਾਈਵਾਨ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਣ ਦੇਣਾ ਚਾਹੁੰਦਾ।
ਜਾਪਾਨ ਨੇ ਆਪਣੇ ਬਿਆਨ ’ਚ ਇਹ ਵੀ ਕਿਹਾ ਹੈ ਕਿ ਰੱਖਿਆ ਖੇਤਰ ’ਚ ਉਸ ਦਾ ਭਾਰਤ ਦੇ ਨਾਲ ਇਕ ਕਰਾਰ ਹੋ ਚੁੱਕਾ ਹੈ, ਜਿਸ ਦੇ ਤਹਿਤ ਜਾਪਾਨੀ ਮਿਲਟਰੀ, ਹਵਾਈ ਫੌਜ ਅਤੇ ਸਮੁੰਦਰੀ ਫੌਜ ਲੋੜ ਪੈਣ ’ਤੇ ਭਾਰਤ ਦੇ ਕਿਸੇ ਵੀ ਫੌਜੀ ਇਲਾਕੇ ਦੀ ਵਰਤੋਂ ਆਪਣੇ ਲਈ ਕਰ ਸਕਦੀ ਹੈ। ਠੀਕ ਉਵੇਂ ਹੀ ਭਾਰਤ ਵੀ ਲੋੜ ਦੇ ਸਮੇਂ ਜਾਪਾਨ ਦੇ ਇਲਾਕਿਆਂ ਦੀ ਵਰਤੋਂ ਕਰ ਸਕਦਾ ਹੈ।ਜੇਕਰ ਚੀਨ ਤਾਈਵਾਨ ’ਤੇ ਹਮਲਾ ਕਰਦਾ ਹੈ ਤਾਂ ਜਾਪਾਨ ਅਤੇ ਅਮਰੀਕਾ ਰਲ ਕੇ ਚੀਨ ਨੂੰ ਰੋਕਣਗੇ, ਕਿਉਂਕਿ ਅਮਰੀਕਾ ਨੇ ਇਕ ਸਮਝੌਤੇ ਅਨੁਸਾਰ ਤਾਈਵਾਨ ਅਤੇ ਜਾਪਾਨ ਦੀ ਰੱਖਿਆ ਕਰਨ ਦੀ ਗਾਰੰਟੀ ਦਿੱਤੀ ਹੈ। ਜੇਕਰ ਕੋਈ ਤੀਸਰਾ ਦੇਸ਼ ਇਨ੍ਹਾਂ ਦੋਵਾਂ ਦੇਸ਼ਾਂ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਫੌਜੀ ਦਖਲਅੰਦਾਜ਼ੀ ਕਰ ਕੇ ਇਨ੍ਹਾਂ ਦੀ ਰੱਖਿਆ ਕਰੇਗਾ। ਉਂਝ ਤਾਈਵਾਨ ਦੀ ਰੱਖਿਆ ਲਈ ਅਮਰੀਕਾ ਨੇ ਆਪਣੇ ਦੋ ਸਮੁੰਦਰੀ ਫੌਜ ਦੇ ਫ੍ਰਿਗੇਟ ਤਾਈਵਾਨ ਜਲਡਮਰੂ ਇਲਾਕੇ ’ਚ ਤਾਇਨਾਤ ਕੀਤੇ ਹਨ, ਜੋ ਕੌਮਾਂਤਰੀ ਪਾਣੀਆਂ ਦੇ ਇਲਾਕੇ ’ਚ ਟਿਕਾਣਾ ਲਾਈ ਬੈਠੇ ਹਨ, ਨਾਲ ਹੀ ਅਮਰੀਕਾ ਤਾਈਵਾਨ ਨੂੰ ਹਥਿਆਰ ਵੀ ਵੇਚ ਰਿਹਾ ਹੈ।
ਤਾਈਵਾਨ ਅਤੇ ਚੀਨ ਦੇ ਵਿਵਾਦਾਂ ’ਚ ਜਾਪਾਨ ਦੇ ਰੱਖਿਆ ਵ੍ਹਾਈਟ ਪੇਪਰ ਦੇ ਦਰਮਿਆਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੱਖਣੀ ਚੀਨ ਸਾਗਰ ’ਚ ਚੀਨ ਦੇ ਵਾਧੇ ਹਮਲਾਵਰਪੁਣੇ ਲਈ ਹੀ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨੇ ਰਲ ਕੇ ਕਵਾਡ ਦਾ ਗਠਨ ਕੀਤਾ ਹੈ ਅਤੇ ਪਿਛਲੇ ਸਾਲ 2020 ’ਚ ਇਨ੍ਹਾਂ ਚਾਰਾਂ ਦੇਸ਼ਾਂ ਨੇ ਰਲ ਕੇ ਮਾਲਾਬਾਰ ਫੌਜੀ ਅਭਿਆਸ ਕੀਤਾ ਸੀ।ਹਾਲਾਂਕਿ ਚੀਨ ਨੇ ਤਾਈਵਾਨ ਨੂੰ ਲੈ ਕੇ ਜੋ ਧਮਕੀ ਦਿੱਤੀ ਹੈ, ਉਹ ਆਪਣੀ ਥਾਂ ’ਤੇ ਹੈ ਪਰ ਚੀਨ ਤਾਈਵਾਨ ਦੇ ਵਿਰੁੱਧ ਕੋਈ ਵੀ ਫੌਜੀ ਮੁਹਿੰਮ ਚਲਾ ਨਹੀਂ ਸਕਦਾ। ਉਸ ਨੂੰ ਵੀ ਪਤਾ ਹੈ ਕਿ ਅਜਿਹਾ ਕਰਨ ਨਾਲ ਜਾਪਾਨ ਅਤੇ ਅਮਰੀਕਾ ਸਿੱਧੇ ਤੌਰ ’ਤੇ ਨਾਰਾਜ਼ ਹੋ ਜਾਣਗੇ। ਉਧਰ ਤਾਈਵਾਨ ਕੋਲ ਮਿਜ਼ਾਈਲਾਂ ਦਾ ਇਕ ਅਜਿਹਾ ਭੰਡਾਰ ਹੈ ਜੋ ਚੀਨ ਦੇ ਪੂਰਬੀ ਅਤੇ ਦੱਖਣੀ ਇਲਾਕੇ ਨੂੰ ਤਬਾਹ ਕਰ ਸਕਦਾ ਹੈ ਅਤੇ ਇਹ ਉਹੀ ਇਲਾਕੇ ਹਨ ਜੋ ਚੀਨ ਦੇ ਖੁਸ਼ਹਾਲੀ ਦੇ ਕੇਂਦਰ ਹਨ। ਇੱਥੋਂ ਚੀਨ ਸਾਰੀਆਂ ਵਪਾਰਕ ਸਰਗਰਮੀਆਂ ਨੂੰ ਚਲਾਉਂਦਾ ਹੈ। ਪੂਰਬੀ ਅਤੇ ਦੱਖਣੀ ਚੀਨ ’ਚ ਕਿੰਨੀਆਂ ਸਾਰੀਆਂ ਫੈਕਟਰੀਆਂ ਹਨ, ਜਿੱਥੇ ਨਿਰਮਾਣ ਦਾ ਕੰਮ ਹੁੰਦਾ ਹੈ।
ਜੇਕਰ ਚੀਨ ਨੇ ਤਾਈਵਾਨ ’ਤੇ ਹਮਲਾ ਕਰਨਾ ਹੁੰਦਾ ਤਾਂ ਉਹ ਹੁਣ ਤੱਕ ਕਰ ਚੁੱਕਾ ਹੁੰਦਾ, ਆਪਣੀ ਸਮੁੰਦਰੀ ਫੌਜ ਅਤੇ ਲੜਾਕੂ ਜਹਾਜ਼ ਇਸ ਇਲਾਕੇ ’ਚ ਭੇਜ ਕੇ ਸਿਰਫ ਧਮਕੀ ਨਾ ਿਦੰਦਾ। ਸੈਮੀ-ਕੰਡਕਟਰ ਤਾਂ ਚੀਨ ਵੀ ਤਾਈਵਾਨ ਤੋਂ ਖਰੀਦਦਾ ਹੈ ਅਤੇ ਚੀਨ ਤਾਈਵਾਨ ਨੂੰ ਨੁਕਸਾਨ ਪਹੁੰਚਾਵੇਗਾ ਤਾਂ ਇਸ ਦੀ ਸਪਲਾਈ ਤਾਈਵਾਨ ਨੂੰ ਰੋਕ ਦੇਵੇਗਾ, ਜਿਸ ਨਾਲ ਚੀਨ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ। ਚੀਨ ਅਜੇ ਇਸ ਸਥਿਤੀ ’ਚ ਨਹੀਂ ਹੈ ਕਿ ਉਹ ਕੋਈ ਜੰਗ ਲੜ ਸਕੇ, ਖਾਸ ਕਰ ਕੇ ਅਜਿਹੇ ਸਮੇਂ ’ਚ ਜਦੋਂ ਸਾਰੀ ਦੁਨੀਆ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨਾਲ ਬੜੀ ਨਾਰਾਜ਼ ਬੈਠੀ ਹੈ।