ਨੇਪਾਲੀ ਸੰਸਦ ਦੇ ਸਪੀਕਰ ਨਾਲ ਚੀਨ ਦੇ ਕਾਨੂੰਨ ਨਿਰਮਾਤਾ ਲੀ ਝਾਂਸ਼ੂ ਨੇ ਕੀਤੀ ਮੁਲਾਕਾਤ

Tuesday, Sep 13, 2022 - 04:41 PM (IST)

ਨੇਪਾਲੀ ਸੰਸਦ ਦੇ ਸਪੀਕਰ ਨਾਲ ਚੀਨ ਦੇ ਕਾਨੂੰਨ ਨਿਰਮਾਤਾ ਲੀ ਝਾਂਸ਼ੂ ਨੇ ਕੀਤੀ ਮੁਲਾਕਾਤ

ਕਾਠਮੰਡੂ : ਨੇਪਾਲ ਦੇ ਤਿੰਨ ਦਿਨਾ ਦੌਰੇ ’ਤੇ ਆਏ ਚੀਨ ਦੇ ਤੀਜੇ ਸਭ ਤੋਂ ਵੱਡੇ ਨੇਤਾ ਲੀ ਝਾਂਸ਼ੂ ਨੇ ਸੋਮਵਾਰ ਨੂੰ ਪ੍ਰਤੀਨਿਧੀ ਸਦਨ ਦੇ ਸਪੀਕਰ ਅਗਨੀ ਪ੍ਰਸਾਦ ਸਪਕੋਟਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ। ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੇ ਚੇਅਰਮੈਨ ਲੀ, ਸਪੀਕਰ ਸਪਕੋਟਾ ਦੇ ਸੱਦੇ ’ਤੇ ਸੋਮਵਾਰ ਨੂੰ  ਤਿੰਨ ਦਿਨਾ ਦੌਰੇ ’ਤੇ ਨੇਪਾਲ ਪਹੁੰਚੇ ਸਨ। ਸੂਤਰਾਂ ਮੁਤਾਬਕ ਦੋਹਾਂ ਨੇਤਾਵਾਂ ਨੇ ਨਯਾ ਬਨੇਸ਼ਵਰ ਸਥਿਤ ਸੰਸਦ ਭਵਨ ’ਚ ਵਫਦ ਪੱਧਰੀ ਗੱਲਬਾਤ ਕੀਤੀ। ਇਸ ਤੋਂ ਬਾਅਦ ਨੇਪਾਲ ਦੀ ਸੰਘੀ ਪਾਰਲੀਮੈਂਟ ਅਤੇ ਚੀਨ ਦੀ ਪੀਪਲਜ਼ ਕਾਂਗਰਸ ਵਿਚਾਲੇ ਇਕ ਸਮਝੌਤਾ ਪੱਤਰ ’ਤੇ ਦਸਤਖਤ ਕੀਤੇ ਗਏ। ਵਿਦੇਸ਼ ਮੰਤਰਾਲੇ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਵਫ਼ਦ ਪੱਧਰੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਨੇਪਾਲ ਅਤੇ ਚੀਨ ਦਰਮਿਆਨ ਦੁਵੱਲੇ ਸਬੰਧਾਂ ਅਤੇ ਸਹਿਯੋਗ ਦੀ ਸ਼ਾਨਦਾਰ ਸਥਿਤੀ ’ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਆਪਸੀ ਹਿੱਤਾਂ ਦੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ।

ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ, ‘‘ਚੇਅਰਮੈਨ ਸਪਕੋਟਾ ਨੇ ਖੇਤਰ ’ਚ ਚੀਨ ਖ਼ਿਲਾਫ ਕਿਸੇ ਵੀ ਗਤੀਵਿਧੀ ਦੀ ਇਜਾਜ਼ਤ ਨਾ ਦੇਣ ਦੀ ਨੇਪਾਲ ਦੀ ਵਚਨਬੱਧਤਾ ਦੁਹਰਾਈ।’’ ਉਥੇ ਹੀ, ਲੀ ਨੇ ਨੇਪਾਲ ਦੀ ਪ੍ਰਭੂਸੱਤਾ, ਆਜ਼ਾਦੀ ਅਤੇ ਖੇਤਰੀ ਅਖੰਡਤਾ ਲਈ ਚੀਨ ਦੇ ਲਗਾਤਾਰ ਸਮਰਥਨ ਨੂੰ ਦੁਹਰਾਇਆ। ਸਪਕੋਟਾ ਨੇ ਨੇਪਾਲ ਨੂੰ ਵਿਕਸਿਤ ਕਰਨ ਦੇ ਯਤਨਾਂ ’ਚ ਉਦਾਰ ਸਮਰਥਨ ਅਤੇ ਸਹਿਯੋਗ ਲਈ ਚੀਨ ਦੀ ਲੋਕਾਂ ਅਤੇ ਸਰਕਾਰ ਦੀ ਪ੍ਰਸ਼ੰਸਾ ਕੀਤੀ ਅਤੇ ਮਹਾਮਾਰੀ ਤੋਂ ਬਾਅਦ ਨੇਪਾਲ ਦੀਆਂ ਹੋਰ ਵਿਕਾਸ ਤਰਜੀਹਾਂ ਲਈ ਚੀਨ ਤੋਂ ਸਮਰਥਨ ਦੇ ਪੱਧਰ ’ਚ ਵਾਧੇ ਦੀ ਆਸ ਪ੍ਰਗਟ ਕੀਤੀ।

ਮੰਤਰਾਲੇ ਦੇ ਅਨੁਸਾਰ ਸਪਕੋਟਾ ਨੇ ਕਿਹਾ ਕਿ ਨੇਪਾਲ ਦੇ ਲੋਕ ਅਤੇ ਸਰਕਾਰ ਲੋੜੀਂਦੀ ਮਾਤਰਾ ’ਚ ਡਾਕਟਰੀ ਸਪਲਾਈ, ਉਪਕਰਨ ਅਤੇ ਐਂਟੀ-ਕੋਰੋਨਾ ਵਾਇਰਸ ਵੈਕਸੀਨ ਮੁਹੱਈਆ ਕਰਵਾਉਣ ਲਈ ਚੀਨੀ ਸਰਕਾਰ ਦੇ ਧੰਨਵਾਦੀ ਹਨ। ਚੀਨੀ ਨੇਤਾ ਲੀ ਝਾਂਸ਼ੂ 67 ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ, ਜਿਸ ’ਚ ਪੀਪਲਜ਼ ਕਾਂਗਰਸ, ਚੀਨ ਦੀ ਕਮਿਊਨਿਸਟ ਪਾਰਟੀ ਅਤੇ ਚੀਨੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹਨ। ਸਪਕੋਟਾ ਨੇ ਚੀਨੀ ਨੇਤਾ ਦੇ ਨਾਲ-ਨਾਲ ਉਨ੍ਹਾਂ ਦੇ ਵਫ਼ਦ ਦੇ ਮੈਂਬਰਾਂ ਦੇ ਸਨਮਾਨ ’ਚ ਸ਼ਾਮ ਨੂੰ ਇਕ ਦਾਅਵਤ ਦੀ ਮੇਜ਼ਬਾਨੀ ਕੀਤੀ । ਇਸ ਤੋਂ ਇਲਾਵਾ, ਡਿਨਰ ’ਚ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਅਤੇ ਪ੍ਰਮੁੱਖ ਪਾਰਟੀਆਂ ਦੇ ਚੋਟੀ ਦੇ ਨੇਤਾਵਾਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ।


author

Manoj

Content Editor

Related News