ਚੀਨ ਦੀ ਬੇਰਹਿਮੀ : ਹਿਰਾਸਤ ਕੇਂਦਰ ''ਚ ਬੰਦੀ ਦੀ ਮਦਦ ਕਰਨ ਵਾਲੇ ਉਈਗਰ ਪੁਲਸ ਮੁਲਾਜ਼ਮ ਦੀ ਲੈ ਲਈ ਜਾਨ
Wednesday, Dec 08, 2021 - 06:48 PM (IST)
ਬੀਜਿੰਗ- ਚੀਨ ਸਰਕਾਰ ਅਸ਼ਾਂਤ ਸ਼ਿਨਜੀਆਂਗ ਸੂਬੇ 'ਚ ਮੁਸਲਿਮਾਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਨੂੰ ਬੇਰਹਿਮੀ ਨਾਲ ਹਿਹਾਸਤੀ ਕੈਂਪਾਂ 'ਚ ਬੰਦ ਕਰਕੇ ਉਨ੍ਹਾਂ 'ਤੇ ਅੱਤਿਆਚਾਰ ਕਰ ਰਹੀ ਹੈ। ਚੀਨ ਦੀ ਸ਼ੀ ਜਿਨਪਿੰਗ ਸਰਕਾਰ ਵਲੋਂ ਮਿੱਥੇ ਹੋਏ ਤਰੀਕਿਆਂ ਨਾਲ ਉਈਗਰਾਂ ਦਾ ਸਫਾਇਆ ਕੀਤਾ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਚੀਨ ਦੀ ਇਕ ਹੋਰ ਜ਼ਾਲਮਾਨਾ ਹਰਕਤ ਸਾਹਮਣੇ ਆਈ ਹੈ। ਅਮਰੀਕੀ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਚੀਨ ਨੇ ਇਕ ਉਈਗਰ ਪੁਲਸ ਮੁਲਾਜ਼ਮ ਨੂੰ ਸ਼ਿਨਜਿਆਂਗ ਦੇ ਹਿਰਾਸਤੀ ਕੇਂਦਰ 'ਚ ਇਕ ਬੰਦੀ ਦੀ ਮਦਦ ਕਰਨ 'ਤੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧ 'ਚ ਕੁਝ ਦਿਨ ਪਹਿਲਾਂ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਹਿਰਾਸਤੀ ਕੇਂਦਰ 'ਚ ਇਕ ਉਈਗਰ ਪੁਲਸ ਮੁਲਾਜ਼ਮ ਨੇ ਖ਼ੁਦਕੁਸ਼ੀ ਕੀਤੀ ਪਰ ਹੁਣ ਸਾਹਮਣੇ ਆਇਆ ਹੈ ਕਿ ਉਸ ਨੂੰ ਜਾਨੋਂ ਮਾਰਿਆ ਗਿਆ ਸੀ।
ਵਾਸ਼ਿੰਗਟਨ ਸਥਿਤ ਪ੍ਰਕਾਸ਼ਨ ਆਰ. ਐੱਫ. ਏ. ਨੇ ਕਿਹਾ ਕਿ ਨੂਰਮੇਮੇਟ ਯੂਸੁਫ਼ ਦੀ ਅਗਸਤ ਦੇ ਪਹਿਲੇ ਹਫ਼ਤੇ ਦੇ ਦੌਰਾਨ ਭੇਤਭਰੇ ਹਾਲਾਤ 'ਚ ਮੌਤ ਹੋ ਗਈ ਸੀ। ਇਕ ਸੂਤਰ ਨੇ ਹਵਾਲਾ ਦਿੰਦੇ ਹੋਏ ਆਰ. ਐੱਫ. ਏ. ਨੇ ਕਿਹਾ ਕਿ ਮੌਤ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਸੀ। ਬਾਅਦ 'ਚ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਨੂਰਮੇਮੇਟ ਨੇ ਪੁੱਛ-ਗਿੱਛ ਦੇ ਦੌਰਾਨ ਖ਼ੁਦਕੁਸ਼ੀ ਕਰ ਲਈ। ਸ਼ਿਨਜਿਆਂਗ ਦੀ ਰਾਜਧਾਨੀ 'ਚ ਪੁਲਸ ਸਟੇਸ਼ਨ 'ਚ ਕੰਮ ਕਰਨ ਵਾਲੇ ਨੂਰਮੇਮੇਟ ਨੂੰ ਜੁਲਾਈ ਦੇ ਅੰਤ 'ਚ ਇਕ ਮੁਲਜ਼ਮ ਦੇ ਨਾਲ ਹਮਦਰਦੀ ਰੱਖਣ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਪੋਰਟ ਦੇ ਮੁਤਾਬਕ ਉਈਗਰ ਪੁਲਸ ਮੁਲਾਜ਼ਮ ਦੇ ਬਾਰੇ ਕਿਹਾ ਗਿਆ ਸੀ ਕਿ ਉਨ੍ਹਾਂ ਨੇ 'ਇਕ ਕੈਂਪ 'ਚ ਬੰਦੀ ਦੇ ਚਿਹਰੇ ਤੋਂ ਉਲਟੀ ਦਾ ਲਹੂ ਪੂੰਝ ਦਿੱਤਾ ਸੀ ਜਿਸ ਤੋਂ ਬਾਅਦ ਮੁਲਜ਼ਮ ਨਾਲ ਹਮਦਰਦੀ ਦਿਖਾਉਣ ਲਈ ਨੂਰਮੇਮੇਟ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।