ਇੱਥੇ ਸਕੂਲੀ ਬੱਚਿਆਂ ਲਈ 10 ਵਜੇ ਸੌਣਾ ਹੋਇਆ ਲਾਜ਼ਮੀ, ਮਾਪਿਆਂ ''ਚ ਨਾਰਾਜ਼ਗੀ

11/02/2019 4:13:00 PM

ਬੀਜਿੰਗ (ਬਿਊਰੋ): ਚੀਨ ਦੇ ਝੇਜਿਆਂਗ ਸੂਬੇ ਵਿਚ ਇਨੀਂ ਦਿਨੀਂ ਸਕੂਲੀ ਬੱਚਿਆਂ ਲਈ ਜਾਰੀ ਦਿਸ਼ਾ-ਨਿਰਦੇਸ਼ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਇਸ ਦਿਸ਼ਾ-ਨਿਰਦੇਸ਼ ਵਿਚ ਹੋਮਵਰਕ ਪੂਰਾ ਕਰਨ ਦੀ ਬਜਾਏ ਸੌਣ ਦੇ ਸਮੇਂ ਨੂੰ ਮਹੱਤਤਾ ਦਿੱਤੀ ਗਈ ਹੈ। ਨਵੇਂ ਨਿਯਮ ਦੇ ਤਹਿਤ ਇੱਥੇ ਸਾਰਿਆਂ ਬੱਚਿਆਂ ਲਈ 10 ਵਜੇ ਤੋਂ ਪਹਿਲਾਂ ਸੌਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਬਿਸਤਰ 'ਤੇ ਜਾਣ ਦਾ ਸਮਾਂ 9 ਵਜੇ ਦੱਸਿਆ ਗਿਆ ਹੈ। ਅਜਿਹਾ ਬੱਚੇ ਉਦੋਂ ਵੀ ਕਰ ਸਕਦੇ ਹਨ ਜਦੋਂ ਉਨ੍ਹਾਂ ਦਾ ਹੋਮਵਰਕ ਪੂਰਾ ਨਾ ਹੋਇਆ ਹੋਵੇ।  

ਮਾਤਾ-ਪਿਤਾ ਇਸ ਨਵੇਂ ਨਿਯਮ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ 'ਹੋਮਵਰਕ ਕਰਫਿਊ' ਦਾ ਨਾਮ ਦਿੱਤਾ ਹੈ। ਮਾਤਾ-ਪਿਤਾ ਦਾ ਤਰਕ ਹੈ ਕਿ ਇਸ ਨਾਲ ਬੱਚੇ ਮੁਕਾਬਲੇ ਵਿਚ ਪਿੱਛੇ ਰਹਿ ਜਾਣਗੇ। ਪੂਰਬੀ ਝੇਜਿਆਂਗ ਸੂਬੇ ਦੇ ਸਿੱਖਿਆ ਵਿਭਾਗ ਨੇ ਬਕਾਇਦਾ 33 ਬਿੰਦੂਆਂ ਵਾਲਾ ਡਰਾਫਟ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਵਿਦਿਆਰਥੀਆਂ ਲਈ ਮਾਪਿਆਂ ਦੀ ਇਜਾਜ਼ਤ  ਨਾਲ ਇਕ ਆਦਰਸ਼ ਸਮੇਂ 'ਤੇ ਸੌਣ ਦਾ ਸੁਝਾਅ ਦਿੱਤਾ ਹੈ। ਭਾਵੇਂ ਸਕੂਲ ਵੱਲੋਂ ਦਿੱਤਾ ਗਿਆ ਹੋਮਵਰਕ ਉਨ੍ਹਾਂ ਨੇ ਪੂਰਾ ਨਾ ਕੀਤਾ ਹੋਵੇ। ਇਸ ਵਿਚ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਦੂਜਿਆਂ ਦੇ ਨਾਲ ਮੁਕਾਬਲਾ ਨਾ ਕਰਨ। ਵੀਕੈਂਡ ਅਤੇ ਛੁੱਟੀਆਂ ਦੇ ਦੌਰਾਨ ਬੱਚਿਆਂ ਤੋਂ ਵਧੀਕ ਪੜ੍ਹਾਈ ਕਰਵਾਈ ਜਾਵੇ। 

ਚੀਨ ਵਿਚ ਸਕੂਲੀ ਪੜ੍ਹਾਈ ਦੇ ਇਲਾਵਾ ਮਾਤਾ-ਪਿਤਾ ਵੱਲੋਂ ਹੋਰ ਗਤੀਵਿਧੀਆਂ ਵਿਚ ਵੀ ਬੱਚਿਆਂ ਨੂੰ ਹਿੱਸੇਦਾਰ ਬਣਾਇਆ ਜਾਂਦਾ ਹੈ। ਮਾਤਾ-ਪਿਤਾ ਬੱਚਿਆਂ 'ਤੇ ਪੜ੍ਹਾਈ ਦਾ ਦਬਾਅ ਇਸ ਲਈ ਬਣਾਉਂਦੇ ਹਨ ਕਿਉਂਕਿ ਚੀਨ ਦੀ ਯੂਨੀਵਰਸਿਟੀ ਵਿਚ ਦਾਖਲੇ ਲਈ ਗਾਓਕਾਓ ਪ੍ਰੀਖਿਆ ਦੇਣੀ ਪੈਂਦੀ ਹੈ। ਇਹ ਸਭ ਤੋਂ ਮੁਸ਼ਕਲ ਪ੍ਰੀਖਿਆ ਮੰਨੀ ਜਾਂਦੀ ਹੈ। ਮਾਪਿਆਂ ਦੀ ਵੱਡੀ ਚਿੰਤਾ ਇਹ ਹੈ ਕਿ ਬੱਚਿਆਂ 'ਤੇ ਹੋਮਵਰਕ ਦਾ ਭਾਰ ਘੱਟ ਹੋਣ ਵਾਲ ਉਹ ਮੁਕਾਬਲੇ ਵਿਚ ਪਿੱਛੇ ਰਹਿ ਜਾਣਗੇ। ਉਨ੍ਹਾਂ ਮੁਤਾਬਕ ਵਰਤਮਾਨ ਦੌਰ ਪ੍ਰੀਖਿਆ 'ਤੇ ਆਧਾਰਿਤ ਹੈ ਇਸ ਲਈ ਬੱਚਿਆਂ ਨੂੰ ਰਿਲੈਕਸ ਨਹੀਂ ਰਹਿਣ ਦਿੱਤਾ ਜਾ ਸਕਦਾ। ਸੋਸ਼ਲ ਮੀਡੀਆ 'ਤੇ ਮਾਪੇ ਇਸ ਤਰ੍ਹਾਂ ਦੇ ਨਿਯਮਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।


Vandana

Content Editor

Related News