ਚੀਨ ਦਾ ਜੂਨ ਤੱਕ 40 ਫੀਸਦੀ ਲੋਕਾਂ ਦਾ ਟੀਕਾਕਰਨ ਦਾ ਉਦੇਸ਼
Wednesday, Mar 03, 2021 - 04:16 PM (IST)
ਬੀਜਿੰਗ (ਭਾਸ਼ਾ): ਚੀਨ ਦੇ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਕੋਰੋਨਾ ਵਾਇਰਸ ਟੀਕਾਕਰਨ ਦੇ ਮਾਮਲੇ ਵਿਚ ਸੁਸਤ ਹੈ ਕਿਉਂਕਿ ਉਸ ਨੇ ਵੱਡੇ ਪੱਧਰ 'ਤੇ ਮਹਾਮਾਰੀ 'ਤੇ ਕਾਬੂ ਪਾ ਲਿਆ ਹੈ। ਫਿਰ ਵੀ ਉਸ ਦੀ ਜੂਨ ਤੱਕ ਦੇਸ਼ ਦੀ 40 ਫੀਸਦੀ ਆਬਾਦੀ ਦਾ ਟੀਕਾਕਰਨ ਕਰਨ ਦੀ ਯੋਜਨਾ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨਾਲ ਜੁੜੇ ਮਾਹਰਾਂ ਦੇ ਇਕ ਸਮੂਹ ਦੀ ਅਗਵਾਈ ਕਰ ਰਹੇ ਝੋਂਗ ਨਾਨਸ਼ਾਨ ਨੇ ਬਰੂਕਿੰਗਸ ਇੰਸਟੀਟਿਊਸ਼ਨ ਅਤੇ ਤਸਿੰਗਹੁਆ ਯੂਨੀਵਰਸਿਟੀ ਵੱਲੋਂ ਆਯੋਜਿਤ ਅਮਰੀਕੀ ਅਤੇ ਚੀਨੀ ਮੈਡੀਕਲ ਮਾਹਰਾਂ ਦੇ ਆਨਲਾਈਨ ਪ੍ਰੋਗਰਾਮ ਵਿਚ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ 28 ਫਰਵਰੀ ਤੱਕ 5 ਕਰੋੜ 252 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਸੀ।
ਚੀਨ ਨੇ ਦਸੰਬਰ ਮੱਧ ਤੋਂ ਟੀਕਾਕਰਨ ਸ਼ੁਰੂ ਕੀਤਾ ਸੀ। ਇਸ ਦੇ ਬਾਅਦ ਤੋਂ ਉਸ ਨੇ ਜਨਤਕ ਤੌਰ 'ਤੇ ਪਹਿਲੀ ਵਾਰ ਟੀਕਾਕਰਨ ਸੰਬੰਧੀ ਕੋਈ ਗਿਣਤੀ ਦੱਸੀ ਹੈ। ਝੋਂਗ ਨੇ ਕਿਹਾ ਕਿ ਚੀਨ ਹੋਰ ਦੇਸ਼ਾਂ ਦੀ ਤੁਲਨਾ ਵਿਚ ਟੀਕਾਕਰਨ ਵਿਚ ਹੌਲੀ ਰਿਹਾ ਹੈ। ਉਸ ਨੇ 1.4 ਅਰਬ ਦੀ ਆਬਾਦੀ ਵਿਚ ਹੁਣ ਤੱਕ ਪ੍ਰਤੀ 100 ਲੋਕਾਂ ਵਿਚ 3.56 ਨੂੰ ਟੀਕੇ ਦੀ ਖੁਰਾਕ ਦਿੱਤੀ ਹੈ। ਇਸ ਮਾਮਲੇ ਵਿਚ ਸਭ ਤੋਂ ਅੱਗੇ ਇਜ਼ਰਾਈਲ ਹੈ, ਜਿਸ ਨੇ ਪ੍ਰਤੀ 100 ਲੋਕਾਂ ਵਿਚੋਂ 94 ਲੋਕਾਂ ਨੂੰ ਖੁਰਾਕਾਂ ਦੇ ਦਿੱਤੀਆਂ ਹਨ। ਅਮਰੀਕਾ ਵਿਚ ਪ੍ਰਤੀ 100 ਵਿਚੋਂ 22 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਚੀਨੀ ਸਿਹਤ ਮਾਹਰਾਂ ਨੇ ਕਿਹਾ ਕਿ ਦੇਸ਼ ਕੋਲ ਆਪਣੀ ਆਬਾਦੀ ਲਈ ਟੀਕਿਆਂ ਦੀ ਲੋੜੀਂਦੀ ਸਪਲਾਈ ਹੈ ਅਤੇ ਉਸ ਨੇ ਕਰੀਬ ਅੱਧਾ ਅਰਬ ਖੁਰਾਕ ਹੋਰ ਦੇਸ਼ਾਂ ਵਿਚ ਭੇਜਣ ਦਾ ਸੰਕਲਪ ਲਿਆ ਹੈ।
ਛੂਤਕਾਰੀ ਹੋਰ ਮਾਹਰ ਝਾਂਗ ਵੇਨਹੋਂਗ ਨੇ ਕਿਹਾ,''ਚੀਨ ਵਿਚ ਇਨਫੈਕਸ਼ਨ ਨੂੰ ਵਿਆਪਕ ਪੱਧਰ 'ਤੇ ਕਾਬੂ ਕੀਤੇ ਜਾਣ ਕਾਰਨ ਟੀਕਾਕਰਨ ਦੀ ਮੌਜੂਦਾ ਗਤੀ ਬਹੁਤ ਹੌਲੀ ਹੈ ਪਰ ਮੈਨੂੰ ਲੱਗਦਾ ਹੈ ਕਿ ਦੇਸ਼ ਕੋਲ ਲੋੜੀਂਦੀ ਸਮਰੱਥਾ ਹੈ।'' ਚੀਨ ਵਿਚ ਮਨਜ਼ੂਰਸ਼ੁੱਦਾ ਚਾਰ ਟੀਕਿਆਂ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹ ਇਸ ਸਾਲ ਦੇ ਅਖੀਰ ਤੱਕ 2.6 ਅਰਬ ਖੁਰਾਕਾਂ ਤਿਆਰ ਕਰ ਸਕਦੇ ਹਨ। ਇਸ ਦੇ ਬਾਵਜੂਦ ਚੀਨ ਦੀ ਵੱਡੀ ਆਬਾਦੀ ਦਾ ਟੀਕਾਕਰਨ ਮੁਸ਼ਕਲ ਕੰਮ ਹੋਵੇਗਾ। ਝਾਂਗ ਨੇ ਕਿਹਾ ਕਿ ਜੇਕਰ ਰੋਜ਼ਾਨਾ 1 ਕਰੋੜ ਲੋਕਾਂ ਦਾ ਵੀ ਟੀਕਾਕਰਨ ਕੀਤਾ ਜਾਵੇ ਤਾਂ ਵੀ 70 ਫੀਸਦੀ ਆਬਾਦੀ ਦੇ ਟੀਕਾਕਰਨ ਵਿਚ ਸੱਤ ਮਹੀਨੇ ਦਾ ਸਮਾਂ ਲੱਗੇਗਾ।