ਸ਼ਿਕਾਗੋ ਪੁਲਸ ਦੇ ਸਲਾਨਾ ਬਜਟ ''ਚ ਕੀਤਾ ਜਾਵੇਗਾ ਵਾਧਾ
Thursday, Aug 12, 2021 - 10:11 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਸ਼ਹਿਰ ਸ਼ਿਕਾਗੋ ਵਿੱਚ ਵਧ ਰਹੇ ਅਪਰਾਧਾਂ ਅਤੇ ਪਿਛਲੇ ਦਿਨੀਂ ਮਹਿਲਾ ਪੁਲਸ ਅਧਿਕਾਰੀ ਦੀ ਗੋਲੀ ਮਾਰ ਕੇ ਕਤਲ ਕੀਤੀ ਗਈ ਘਟਨਾ ਤੋਂ ਬਾਅਦ ਪੁਲਸ ਵਿਭਾਗ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਲਈ, ਇਸ ਦੇ ਸਲਾਨਾ ਬਜਟ ਵਿੱਚ ਵਾਧਾ ਕੀਤਾ ਜਾਵੇਗਾ। ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਨੇ ਬੁੱਧਵਾਰ ਨੂੰ ਅਗਲੇ ਸਾਲ ਪੁਲਸ ਵਿਭਾਗ ਦੀ ਫੰਡਿੰਗ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ। ਲਾਈਟਫੁੱਟ ਅਨੁਸਾਰ ਪੁਲਸ ਵਿਭਾਗ ਵਿੱਚ ਅਧਿਕਾਰੀਆਂ ਦੀ ਭਰਤੀ ਅਤੇ ਨਾਲ ਹੀ ਪੁਲਸ ਅਧਿਕਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਸਰੋਤਾਂ ਨੂੰ ਵਧਾਉਣ ਲਈ ਬਜਟ ਵਿੱਚ ਵਾਧਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ - ਯੂ.ਪੀ. ਸਰਕਾਰ ਓਲੰਪਿਕ ਖਿਡਾਰੀਆਂ ਨੂੰ ਕਰੇਗੀ ਮਾਲਾਮਾਲ, ਕੀਤਾ ਇਹ ਐਲਾਨ
ਹਾਲਾਂਕਿ ਮੇਅਰ ਵੱਲੋਂ ਵਿਭਾਗ ਦੇ 1.6 ਬਿਲੀਅਨ ਡਾਲਰ ਦੇ ਬਜਟ ਨੂੰ ਕਿੰਨਾ ਹੋਰ ਵਧਾਉਣ ਦੀ ਯੋਜਨਾ ਬਾਰੇ ਕੋਈ ਸੰਕੇਤ ਨਹੀਂ ਦਿੱਤਾ। ਲਾਈਟਫੁੱਟ ਦਾ ਅਗਲੇ ਸਾਲ ਲਈ ਪੁਲਸ ਬਜਟ ਵਧਾਉਣ ਦਾ ਇਹ ਫੈਸਲਾ ਇੱਕ ਮਹਿਲਾ ਪੁਲਸ ਅਫਸਰ ਏਲਾ ਫ੍ਰੈਂਚ ਦੀ ਮੌਤ ਦੇ ਮੱਦੇਨਜ਼ਰ ਆਇਆ ਹੈ, ਜਿਸ ਨੂੰ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਇਸਦੇ ਇਲਾਵਾ ਸਿਟੀ ਵਿੱਚ ਵਧ ਰਹੀਆਂ ਅਪਰਾਧ ਦਰਾਂ ਵੀ ਬਜਟ ਵਾਧੇ ਦੀ ਮੰਗ ਕਰਦੀਆਂ ਹਨ। ਜ਼ਿਕਰਯੋਗ ਹੈ ਕਿ 29 ਸਾਲਾ ਫ੍ਰੈਂਚ ਨੂੰ ਸ਼ਨੀਵਾਰ ਨੂੰ ਸ਼ਹਿਰ ਦੀ ਸਾਊਥ ਸਾਈਡ 'ਚ ਗੋਲੀ ਮਾਰ ਦਿੱਤੀ ਗਈ ਅਤੇ ਉਸ ਦਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਇਸ ਦੌਰਾਨ, ਪੁਲਸ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ, ਸਿਰਫ ਇਸ ਸਾਲ ਵਿੱਚ ਹੁਣ ਤੱਕ ਸ਼ਿਕਾਗੋ ਵਿੱਚ ਹੋਈਆਂ ਹੱਤਿਆਵਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੀ ਗਿਣਤੀ 2020 ਦੀ ਅਪਰਾਧ ਦਰਾਂ ਨੂੰ ਪਾਰ ਕਰ ਚੁੱਕੀ ਹੈ। 9 ਅਗਸਤ ਨੂੰ ਖ਼ਤਮ ਹੋਏ ਹਫਤੇ ਵਿੱਚ, ਸ਼ਿਕਾਗੋ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਹੱਤਿਆਵਾਂ ਦੀ ਸੰਖਿਆ 120 ਪ੍ਰਤੀਸ਼ਤ ਵਧੀ ਹੈ, ਜਿਸਦੇ ਤਹਿਤ ਇਸ ਸਾਲ 474 ਕਤਲ ਅਤੇ 2100 ਗੋਲੀਬਾਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਇਸ ਲਈ ਵਧ ਰਹੇ ਅਪਰਾਧ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਦਮ ਚੱਕਣੇ ਬਹੁਤ ਜ਼ਰੂਰੀ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।