ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ''ਤਾ ਐਲਾਨ

Tuesday, Apr 21, 2026 - 01:33 PM (IST)

ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ''ਤਾ ਐਲਾਨ

ਵੈਲਿੰਗਟਨ (ਵਾਰਤਾ): ਤੇਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਖ਼ਾਸ ਕਰ ਕੇ ਵਿਦਿਆਰਥੀ ਵਰਗ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ। ਹੁਣ ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਦੇ ਛੋਟੇ, ਪੇਂਡੂ ਅਤੇ ਦੂਰ-ਦੁਰਾਡੇ ਦੇ ਸਕੂਲਾਂ ਨੂੰ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬੋਝ ਤੋਂ ਬਚਾਉਣ ਲਈ ਵਿਸ਼ੇਸ਼ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
 
ਸਿੱਖਿਆ ਮੰਤਰੀ ਐਰਿਕਾ ਸਟੈਨਫੋਰਡ ਨੇ ਦੱਸਿਆ ਕਿ ਤੇਲ ਦੀਆਂ ਕੀਮਤਾਂ ਵਿੱਚ ਹੋ ਰਹੇ ਉਤਾਰ-ਚੜ੍ਹਾਅ ਕਾਰਨ ਉਨ੍ਹਾਂ ਸਕੂਲਾਂ 'ਤੇ ਜ਼ਿਆਦਾ ਅਸਰ ਪੈ ਰਿਹਾ ਹੈ ਜੋ ਡੀਜ਼ਲ 'ਤੇ ਨਿਰਭਰ ਹਨ ਅਤੇ ਜਿੱਥੇ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਲਈ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਉਕਤ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਦੇਸ਼ ਭਰ ਦੇ ਲਗਭਗ 70 ਸਕੂਲਾਂ ਵਿੱਚ ਡੀਜ਼ਲ ਬਾਇਲਰਾਂ ਨੂੰ ਬਦਲਣ ਲਈ 37 ਮਿਲੀਅਨ ਨਿਊਜ਼ੀਲੈਂਡ ਡਾਲਰ ਦਾ ਨਿਵੇਸ਼ ਕਰੇਗੀ। ਇਸ ਕਦਮ ਨਾਲ ਸਾਲਾਨਾ ਡੀਜ਼ਲ ਦੀ ਖਪਤ ਵਿੱਚ ਲਗਭਗ 6 ਲੱਖ ਲੀਟਰ ਦੀ ਕਟੌਤੀ ਹੋਣ ਦੀ ਉਮੀਦ ਹੈ, ਜਿਸ ਨਾਲ ਸਕੂਲਾਂ ਨੂੰ ਭਵਿੱਖ ਵਿੱਚ ਤੇਲ ਦੀਆਂ ਕੀਮਤਾਂ ਦੇ ਝਟਕਿਆਂ ਤੋਂ ਬਚਾਇਆ ਜਾ ਸਕੇਗਾ।

ਨਵੇਂ ਐਲਾਨ ਅਨੁਸਾਰ:

-100 ਤੋਂ ਘੱਟ ਵਿਦਿਆਰਥੀਆਂ ਵਾਲੇ ਸਾਰੇ ਸਕੂਲਾਂ ਨੂੰ 2,500 ਨਿਊਜ਼ੀਲੈਂਡ ਡਾਲਰ ਦੀ ਇੱਕ ਵਾਰ ਨਕਦ ਗ੍ਰਾਂਟ ਦਿੱਤੀ ਜਾਵੇਗੀ।

-ਸਕੂਲੀ ਆਵਾਜਾਈ ਲਈ ਦਿੱਤੇ ਜਾਣ ਵਾਲੇ ਭੱਤੇ ਵਿੱਚ 30 ਫ਼ੀਸਦੀ ਵਾਧਾ ਕੀਤਾ ਗਿਆ ਹੈ, ਜਿਸ ਦਾ ਫਾਇਦਾ ਲਗਭਗ 5,000 ਵਿਦਿਆਰਥੀਆਂ ਨੂੰ ਹੋਵੇਗਾ।

-ਅਧਿਆਪਕਾਂ ਲਈ ਮਾਈਲੇਜ ਰੀਇੰਬਰਸਮੈਂਟ (ਤੇਲ ਖਰਚਾ) ਦੀਆਂ ਦਰਾਂ ਨੂੰ ਦੁੱਗਣੇ ਤੋਂ ਵੀ ਵੱਧ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਸ਼ਾਂਤੀ ਦੀ ਨੀਤੀ ਖ਼ਤਮ ! ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ 'ਚ ਹਥਿਆਰ ਵੇਚੇਗਾ ਜਾਪਾਨ

ਸਿੱਖਿਆ ਮੰਤਰੀ ਅਨੁਸਾਰ ਇਹ ਵਧੀਆਂ ਹੋਈਆਂ ਦਰਾਂ ਅਗਲੇ 12 ਮਹੀਨਿਆਂ ਤੱਕ ਜਾਂ ਤੇਲ ਦੀਆਂ ਕੀਮਤਾਂ ਦੇ ਸਥਿਰ ਹੋਣ ਤੱਕ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਦੌਰਾਨ ਨਿਊਜ਼ੀਲੈਂਡ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹ ਰਾਹਤ ਕਦਮ ਚੁੱਕੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News