ਅਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ ਦਸਤਾਰ ਜਾਗਰੂਕਤਾ ਮੁਹਿੰਮ
Saturday, Apr 18, 2026 - 01:35 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ )---ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੈਲਬੌਰਨ ਵਿੱਚ ਅਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਵੱਲੋਂ ਵਿਸ਼ੇਸ਼ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੀ ਖਾਸ ਵਿਲੱਖਣਤਾ ਇਹ ਰਹੀ ਕਿ ਸਾਰੇ ਮੋਟਰਸਾਈਕਲ ਸਵਾਰਾਂ ਨੇ ਹੈਲਮੈਟ ਦੀ ਥਾਂ 'ਤੇ ਦਸਤਾਰ ਸਜਾ ਕੇ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਅਤੇ ਦਸਤਾਰਧਾਰੀ ਸਵਾਰਾਂ ਲਈ ਹੈਲਮੈਟ ਤੋਂ ਛੋਟ ਦੀ ਮੰਗ ਨੂੰ ਮਜ਼ਬੂਤੀ ਨਾਲ ਉਭਾਰਿਆ।
ਮੋਟਰਸਾਈਕਲ ਸਵਾਰਾਂ ਦਾ ਇਹ ਕਾਫਲਾ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੀਜ਼ਬਰੋ ਤੋਂ ਰਵਾਨਾ ਹੋ ਕੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ, ਪਲੰਪਟਨ ਵਿਖੇ ਪਹੁੰਚਿਆ, ਜਿੱਥੇ ਉਨ੍ਹਾਂ ਨੇ ਨਗਰ ਕੀਰਤਨ ਵਿੱਚ ਉਤਸ਼ਾਹ ਨਾਲ ਭਾਗ ਲਿਆ। ਰੰਗ-ਬਿਰੰਗੀਆਂ ਦਸਤਾਰਾਂ ਅਤੇ ਸੁੰਦਰ ਢੰਗ ਨਾਲ ਸਜਾਏ ਗਏ ਮੋਟਰਸਾਈਕਲ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੇ।
ਪੜ੍ਹੋ ਇਹ ਅਹਿਮ ਖ਼ਬਰ- 'ਮੁੜ ਬੰਦ ਹੋਵੇਗਾ ਹੋਰਮੁਜ਼..!' ਈਰਾਨ ਨੇ ਦੇ'ਤੀ ਚੇਤਾਵਨੀ
ਇਸ ਦੌਰਾਨ ਕਲੱਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਵਿਸਾਖੀ ਮੌਕੇ ਇਸ ਤਰ੍ਹਾਂ ਦੀ ਰਾਇਡ ਵੱਖ-ਵੱਖ ਗੁਰਦੁਆਰਿਆਂ ਵਿੱਚ ਕਰਵਾਈ ਜਾ ਰਹੀ ਹੈ, ਜਿਸਦਾ ਮੁੱਖ ਮਕਸਦ ਸਿੱਖ ਪਹਿਚਾਣ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ ਉਨਾਂ ਕਿਹਾ ਕਿ ਇਹ ਉਪਰਾਲਾ ਆਸਟ੍ਰੇਲੀਆ ਵਿੱਚ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਲਈ ਹੈਲਮੈਟ ਛੋਟ ਦੀ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਕਲੱਬ ਇਸ ਮਾਮਲੇ ਸਬੰਧੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਸੰਬੰਧਿਤ ਵਿਭਾਗਾਂ ਨਾਲ ਵੀ ਸੰਪਰਕ ਵਿੱਚ ਹਨ ਤਾਂ ਜੋ ਇੱਕ ਸੁਰੱਖਿਅਤ ਅਤੇ ਨਿਰਪੱਖ ਹੱਲ ਤੱਕ ਪਹੁੰਚਿਆ ਜਾ ਸਕੇ। ਕਲੱਬ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਦਸਤਾਰ ਦੇ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਉਭਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਦਸਤਾਰਧਾਰੀ ਸਵਾਰਾਂ ਲਈ ਯੋਗ ਕਾਨੂੰਨੀ ਛੋਟ ਪ੍ਰਾਪਤ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਉਨਾਂ ਕਿਹਾ ਕਿ ਅਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਇੱਕ ਮਿਸ਼ਨ ਅਧਾਰਿਤ ਸੰਸਥਾ ਹੈ, ਜਿਸਦੀ ਸਥਾਪਨਾ ਏਕਤਾ, ਭਾਈਚਾਰਾ ਅਤੇ ਸਮਾਜਿਕ ਸੇਵਾ ਦੇ ਮੂਲ ਸਿਧਾਂਤਾਂ ‘ਤੇ ਕੀਤੀ ਗਈ ਹੈ, ਅਤੇ ਕਲੱਬ ਭਵਿੱਖ ਵਿੱਚ ਵੀ ਇਸੇ ਰਾਹ ‘ਤੇ ਅੱਗੇ ਵਧਦਾ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
