ਪਾਕਿਸਤਾਨ ਸਰਕਾਰ ਤੇ TTP ਵਿਚਾਲੇ ਜੰਗਬੰਦੀ ’ਤੇ ਬਣੀ ਸਹਿਮਤੀ

Saturday, Nov 06, 2021 - 04:18 PM (IST)

ਪਾਕਿਸਤਾਨ ਸਰਕਾਰ ਤੇ TTP ਵਿਚਾਲੇ ਜੰਗਬੰਦੀ ’ਤੇ ਬਣੀ ਸਹਿਮਤੀ

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਸਰਕਾਰ ਇਕ ਵਿਆਪਕ ਸ਼ਾਂਤੀ ਸਮਝੌਤਾ ਕਰਨ ਤੇ ਲੱਗਭਗ ਦੋ ਦਹਾਕੇ ਪੁਰਾਣੇ ਅੱਤਵਾਦ ਨੂੰ ਖ਼ਤਮ ਕਰਨ ਲਈ ਅਫ਼ਗਾਨਿਸਤਾਨ ਦੇ ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਦੀ ਮਦਦ ਨਾਲ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਨਾਲ ਇਕ ਅਸਥਾਈ ਸਹਿਮਤੀ ’ਤੇ ਪਹੁੰਚੀ ਹੈ। ਸ਼ੁੱਕਰਵਾਰ ਨੂੰ ਮੀਡੀਆ ’ਚ ਆਈ ਇਕ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ। ਹੱਕਾਨੀ ਵਿਸ਼ੇਸ਼ ਤੌਰ ’ਤੇ ਐਲਾਨਿਆ ਇਕ ਵਿਸ਼ਵ ਪੱਧਰੀ ਅੱਤਵਾਦੀ ਹੈ, ਜਿਸ ਦੇ ਸਿਰ ’ਤੇ ਅਮਰੀਕਾ ਨੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੈ। ਦੁਰਦਾਂਤ ਹੱਕਾਨੀ ਨੈੱਟਵਰਕ ਦਾ ਪਾਕਿਸਤਾਨ ਸਮਰਥਕ ਇਹ ਅੱਤਵਾਦੀ, ਅਫ਼ਗਾਨਿਸਤਾਨ ’ਚ ਅਮਰੀਕਾ ਦੇ ਹਿੱਤਾਂ ਵਾਲੇ ਕਈ ਟਿਕਾਣਿਆਂ ’ਤੇ ਹਮਲਾ ਕਰਨ ਦੇ ਮਾਮਲੇ ’ਚ ਐੱਫ. ਬੀ. ਆਈ. ਨੂੰ ਲੋੜੀਂਦਾ ਹੈ। ‘ਡਾਨ’ ਅਖਬਾਰ ’ਚ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਕਈ ਸੂਤਰਾਂ ਨੇ ਦੱਸਿਆ ਹੈ ਕਿ ਦੋਵਾਂ ਪੱਖਾਂ ਵਿਚਾਲੇ ਲੱਗਭਗ ਦੋ ਹਫ਼ਤਿਆਂ ਤਕ ਅਫ਼ਗਾਨਿਸਤਾਨ ਦੇ ਦੱਖਣੀ ਪੱਛਮੀ ਸੂਬੇ ਖੋਸਤ ’ਚ ਸਿੱਧੀ ਤੇ ‘ਆਹਮੋ-ਸਾਹਮਣੇ ਬੈਠ ਕੇ’ਗੱਲਬਾਤ ਹੋਈ।

ਇਹ ਵੀ ਪੜ੍ਹੋ : ਅਮਰੀਕਾ ’ਚ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਇਸ ਗੱਲਬਾਤ ਦੇ ਨਤੀਜੇ ’ਚ ਦੇਸ਼ ਪੱਧਰੀ ਜੰਗਬੰਦੀ ਦਾ ਐਲਾਨ ਕਰਨ ਤੇ ਟੀ. ਟੀ. ਪੀ. ਦੇ ਕੁਝ ਲੜਾਕਿਆਂ ਨੂੰ ਸ਼ਰਤ ਦੇ ਨਾਲ ਰਿਹਾਅ ਕਰਨ ’ਤੇ ਸਹਿਮਤੀ ਬਣੀ। ਹਾਲਾਂਕਿ ਖ਼ਬਰ ਦੇ ਅਨੁਸਾਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਅੱਤਵਾਦੀਆਂ ਨੂੰ ਛੱਡਿਆ ਜਾਵੇਗਾ ਪਰ ਸੂਤਰਾਂ ਨੇ ਦੱਸਿਆ ਕਿ ਦੋ ਦਰਜਨ ਤੋਂ ਵੱਧ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਸੂਤਰਾਂ ਨੇ ਦੱਸਿਆ ਕਿ ਇਹ ਸੰਗਠਨ ਦੇ ਸੀਨੀਅਰ ਜਾਂ ਮੱਧ ਸ਼੍ਰੇਣੀ ਦੇ ਕਮਾਂਡਰ ਨਹੀਂ, ਬਲਕਿ ਹੇਠਲੀ ਸ਼੍ਰੇਣੀ ਦੇ ਲੜਾਕੇ ਹਨ। ਅਸੀਂ ਹਾਲਤ ’ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਸਾਵਧਾਨ ਹਾਂ। ਖਬਰ ਦੇ ਅਨੁਸਾਰ ਸੂਤਰ ਨੇ ਕਿਹਾ ਕਿ ਮਹੀਨੇ ਭਰ ਲੰਬਾ ਸੰਘਰਸ਼ ਵਿਰਾਮ ਅੱਗੇ ਵਧਾਇਆ ਜਾ ਸਕਦਾ ਹੈ ਪਰ ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਸਮਝੌਤਾ ਕਿਸ ਦਿਸ਼ਾ ’ਚ ਅੱਗੇ ਵਧਦਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨ ਵੱਲੋਂ ਟੀ. ਟੀ. ਪੀ. ਨਾਲ ਕੌਣ ਸਮਝੌਤਾ ਕਰ ਰਿਹਾ ਹੈ।


author

Manoj

Content Editor

Related News