ਅਮਰੀਕਾ ''ਚ 1998 ''ਚ ਗਾਇਬ ਹੋਈ ਕਾਰ ਮਹਿਲਾ ਦੇ ਅਵਸ਼ੇਸ਼ਾਂ ਸਮੇਤ ਬਰਾਮਦ
Saturday, Oct 30, 2021 - 02:19 AM (IST)
            
            ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਅਰਕਾਨਸਾਸ ਵਿੱਚ ਅਧਿਕਾਰੀਆਂ ਨੇ ਡੂੰਘੇ ਪਾਣੀ ਵਿੱਚੋਂ ਇੱਕ ਕਾਰ ਬਰਾਮਦ ਕੀਤੀ ਹੈ। ਇਹ ਇੱਕ ਔਰਤ ਦੇ ਵਰਣਨ ਨਾਲ ਮੇਲ ਖਾਂਦੀ ਹੈ ਜੋ 20 ਸਾਲ ਪਹਿਲਾਂ ਆਪਣੀ ਧੀ ਨਾਲ ਕਾਰ ਸਮੇਤ ਲਾਪਤਾ ਹੋ ਗਈ ਸੀ। ਇਸ ਮਾਮਲੇ ਬਾਰੇ ਪੋਪ ਕਾਊਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਇਹ ਕਾਰ ਮੰਗਲਵਾਰ ਨੂੰ ਕਰੀਬ 8 ਫੁੱਟ ਪਾਣੀ ਵਿੱਚੋਂ ਬਾਹਰ ਕੱਢੀ ਗਈ। ਅਧਿਕਾਰੀਆਂ ਅਨੁਸਾਰ ਜਾਂਚਕਰਤਾਵਾਂ ਨੂੰ ਕਾਰ ਦੇ ਅੰਦਰ ਮਨੁੱਖੀ ਅਵਸ਼ੇਸ਼ ਵੀ ਮਿਲੇ ਹਨ। ਪੁਲਿਸ ਦੇ ਅਨੁਸਾਰ, ਵਾਹਨ ਦਾ ਵੇਰਵਾ ਸਮੰਥਾ ਜੀਨ ਹੋਪਰ ਦੀ ਕਾਰ ਨਾਲ ਮੇਲ ਖਾਂਦਾ ਹੈ, ਜੋ ਕਿ 11 ਸਤੰਬਰ 1998 ਨੂੰ ਉਸਦੀ ਧੀ, ਕੋਰਟਨੀ ਸਮੇਤ ਲਾਪਤਾ ਹੋ ਗਈ ਸੀ। ਹੋਪਰ ਲਈ ਬਣਾਏ ਗਏ ਮੈਮੋਰੀਅਲ ਫੰਡ ਦੇ ਅਨੁਸਾਰ, ਲਾਪਤਾ ਹੋਣ ਵੇਲੇ ਉਹ 9 ਮਹੀਨਿਆਂ ਦੀ ਗਰਭਵਤੀ ਸੀ ਅਤੇ ਉਸਦੀ ਧੀ 22 ਮਹੀਨਿਆਂ ਦੀ ਸੀ। ਪੁਲਸ ਅਨੁਸਾਰ ਉਸ ਵੇਲੇ ਸਮੰਥਾ ਆਪਣੀ ਧੀ, ਕੋਰਟਨੀ ਹੋਲਟ ਨਾਲ ਯਾਤਰਾ ਕਰ ਰਹੀ ਸੀ ਤੇ ਉਸ ਤੋਂ ਬਾਅਦ ਸਮੰਥਾ, ਉਸਦੀ ਧੀ, ਅਤੇ ਨੀਲੀ ਫੋਰਡ ਕਾਰ ਕਦੇ ਵੀ ਬਰਾਮਦ ਨਹੀਂ ਹੋਏ। ਅਧਿਕਾਰੀਆਂ ਅਨੁਸਾਰ ਇਸ ਵਾਹਨ ਨੂੰ 'ਐਡਵੈਂਚਰ ਵਿਦ ਪਰਪਜ਼' ਨਾਮ ਇੱਕ ਸਮੂਹ ਦੁਆਰਾ ਲੱਭਿਆ ਗਿਆ। ਇਸ ਮਾਮਲੇ ਦੀ ਅਗਲੀ ਕਾਰਵਾਈ ਵਿੱਚ ਕਾਰ ਵਿੱਚੋਂ ਮਿਲੇ ਅਵਸ਼ੇਸ਼ਾਂ ਨੂੰ ਪਛਾਣ ਲਈ ਅਰਕਨਸਾਸ ਸਟੇਟ ਕ੍ਰਾਈਮ ਲੈਬ ਵਿੱਚ ਭੇਜਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
