ਕੈਨੇਡਾ ਦੀ ਸਰਕਾਰ ਸਿਟੀਜ਼ਨਸ਼ਿਪ ਕਾਨੂੰਨ 'ਚ ਕਰੇਗੀ ਬਦਲਾਅ!

06/11/2017 7:41:45 AM

ਟੋਰਾਂਟੋ— ਕੈਨੇਡਾ ਦੀ ਸਰਕਾਰ ਨੇ ਸਿਟੀਜ਼ਨਸ਼ਿਪ ਐਕਟ 'ਚ ਸੋਧ ਨੂੰ ਲੈ ਕੇ ਬਿੱਲ ਸੀ-6 'ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ, ਤਾਂ ਕਿ ਯੋਗ ਪ੍ਰਵਾਸੀ ਨਾਗਰਿਕਤਾ ਦੀਆਂ ਸ਼ਰਤਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਣ। ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ, ''ਮੈਂ ਬਿੱਲ ਸੀ-6 ਦੀ ਸਮੀਖਿਆ 'ਤੇ ਸੈਨੇਟ ਦੀ ਮਿਹਨਤ ਅਤੇ ਲਗਨ ਦਾ ਬਹੁਤ ਧੰਨਵਾਦ ਕਰਦਾ ਹਾਂ'' ਜ਼ਿਕਰਯੋਗ ਹੈ ਕਿ 3 ਮਈ ਨੂੰ ਸੈਨੇਟ ਨੇ 3 ਸੋਧਾਂ ਨੂੰ ਅਪਣਾਉਣ ਦੇ ਬਾਅਦ ਹਾਊਸ ਆਫ ਕਾਮਨਸ ਨੂੰ ਸਿਟੀਜ਼ਨਸ਼ਿਪ ਨਾਲ ਜੁੜੇ ਇਸ ਬਿੱਲ ਨੂੰ ਵਾਪਸ ਭੇਜ ਦਿੱਤਾ ਸੀ। 
ਸਰਕਾਰ ਨੇ ਮੌਜੂਦਾ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ 'ਚ ਸੁਧਾਰ ਨੂੰ ਲੈ ਕੇ ਸੈਨੇਟ ਦੇ ਸੋਧ ਦਾ ਸਮਰਥਨ ਕੀਤਾ ਹੈ, ਤਾਂ ਜੋ ਜ਼ਿਆਦਾਤਰ ਮਾਮਲਿਆਂ 'ਚ ਫੈਡਰਲ ਅਦਾਲਤ ਫੈਸਲਾ ਲੈ ਸਕੇ। 
ਸਰਕਾਰ ਨੇ ਬਿੱਲ ਸੀ-6 'ਚ ਕੀਤੇ ਗਏ ਉਸ ਸੋਧ ਦਾ ਵੀ ਸਮਰਥਨ ਕੀਤਾ ਹੈ, ਜਿਸ ਮੁਤਾਬਕ ਉਹ ਬੱਚੇ ਵੀ ਆਸਾਨੀ ਨਾਲ ਨਾਗਰਿਕਤਾ ਹਾਸਲ ਕਰ ਸਕਣਗੇ, ਜਿਨ੍ਹਾਂ ਦੇ ਮਾਪੇ ਕੈਨੇਡੀਅਨ ਨਹੀਂ ਹਨ। ਇਸ ਤਹਿਤ ਇਹ ਵੀ ਸਾਫ ਕੀਤਾ ਗਿਆ ਹੈ ਕਿ ਬੱਚੇ ਵੱਲੋਂ ਨਾਗਰਿਕਤਾ ਲਈ ਕੌਣ ਅਪਲਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਉਸ ਸੋਧ ਨੂੰ ਰੱਦ ਕਰ ਰਹੀ ਹੈ, ਜਿਸ ਤਹਿਤ ਕੋਈ ਵਿਅਕਤੀ ਧੋਖਾਧੜੀ ਦੇ ਬਾਵਜੂਦ ਪੱਕਾ ਰਹਿ ਰਿਹਾ ਹੈ।
 


Related News