ਕੈਨੇਡਾ ਦੀ PR ਲੈਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ
Wednesday, Aug 13, 2025 - 04:43 PM (IST)

ਓਟਾਵਾ: ਕੈਨੇਡਾ ਵਿੱਚ ਸਥਾਈ ਨਿਵਾਸ (PR) ਲੈਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ ਹੈ। ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਤਿੰਨ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਬਣਾਉਣ 'ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਹੈ। ਇਸ ਕਦਮ ਨਾਲ ਭਾਰਤੀ ਭਾਈਚਾਰੇ ਨੂੰ ਫ਼ਾਇਦਾ ਹੋਣ ਦੀ ਉਮੀਦ ਹੈ। CIC ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (IRCC) ਨੇ ਮੁੱਖ ਇਮੀਗ੍ਰੇਸ਼ਨ ਪ੍ਰਣਾਲੀ ਤਹਿਤ ਸੀਨੀਅਰ ਮੈਨੇਜਰਾਂ, ਖੋਜੀਆਂ, ਵਿਗਿਆਨੀਆਂ ਅਤੇ ਹੁਨਰਮੰਦ ਫੌਜੀ ਕਰਮਚਾਰੀਆਂ ਦੀ ਚੋਣ ਨੂੰ ਤਰਜੀਹ ਦੇਣ ਦੇ ਪ੍ਰਸਤਾਵਾਂ 'ਤੇ ਜਨਤਕ ਫੀਡਬੈਕ ਮੰਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਹੁਨਰਮੰਦ ਭਾਰਤੀਆਂ ਦੀ ਮੰਗ ਵਿਚ ਵਾਧਾ ਹੋਵੇਗਾ।
IRCC ਸਲਾਹ-ਮਸ਼ਵਰਾ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਮੈਨੇਜਰ ਬਹੁਤ ਹੁਨਰਮੰਦ ਕਰਮਚਾਰੀ ਹਨ ਜੋ ਕਿਸੇ ਕੰਪਨੀ ਜਾਂ ਸੰਗਠਨ ਦੇ ਕਾਰਜਾਂ ਦੀ ਨਿਗਰਾਨੀ ਕਰਦੇ ਹਨ ਅਤੇ ਕਰਮਚਾਰੀਆਂ ਦੀ ਇੱਕ ਟੀਮ ਦੀ ਅਗਵਾਈ ਕਰਦੇ ਹਨ। 2026 ਵਿੱਚ ਐਕਸਪ੍ਰੈਸ ਐਂਟਰੀ ਵਿੱਚ ਲਾਂਚ ਲਈ ਸੰਭਾਵਿਤ ਨਵੀਆਂ ਸ਼੍ਰੇਣੀਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਐਕਸਪ੍ਰੈਸ ਐਂਟਰੀ ਕੈਨੇਡੀਅਨ ਸੰਘੀ ਸਰਕਾਰ ਦਾ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ, ਜੋ ਇਹ ਨਿਰਧਾਰਤ ਕਰਦੀ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ। ਹਾਲਾਂਕਿ ਸਰਕਾਰ ਨੇ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਪ੍ਰਸਤਾਵਿਤ ਨਵੀਆਂ ਸ਼੍ਰੇਣੀਆਂ 'ਤੇ ਫ਼ੈਸਲੇ ਬਾਰੇ ਕਦੋਂ ਸੂਚਿਤ ਕਰੇਗੀ ਪਰ ਜਨਤਕ ਸਲਾਹ-ਮਸ਼ਵਰੇ ਲਈ ਵਿੰਡੋ 3 ਸਤੰਬਰ, 2025 ਤੱਕ ਖੁੱਲ੍ਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਜਨਮ ਅਸ਼ਟਮੀ ਤੋਂ ਪਹਿਲਾਂ ਹਿੰਦੂ ਮੰਦਰ 'ਚ ਭੰਨਤੋੜ, ਭਾਰਤੀ ਦੂਤਘਰ ਵੱਲੋਂ ਕਾਰਵਾਈ ਦੀ ਮੰਗ
ਇਨ੍ਹਾਂ 3 ਸ਼੍ਰੇਣੀਆਂ ਨੂੰ ਸ਼ਾਮਲ ਕਰਨ 'ਤੇ ਵਿਚਾਰ
ਲੀਡਰਸ਼ਿਪ- ਸਲਾਹ-ਮਸ਼ਵਰੇ ਲਈ ਜਾਰੀ ਕੀਤੀ ਗਈ ਪੋਸਟ ਅਨੁਸਾਰ ਲੀਡਰਸ਼ਿਪ ਸ਼੍ਰੇਣੀ ਨੂੰ ਸ਼ੁਰੂੂ ਕਰਨ ਨਾਲ ਨਵੇਂ ਦ੍ਰਿਸ਼ਟੀਕੋਣ ਆ ਸਕਦੇ ਹਨ, ਡਿਜੀਟਲ ਪਰਿਵਰਤਨ ਨੂੰ ਤੇਜ਼ ਕੀਤਾ ਜਾ ਸਕਦਾ ਹੈ, ਉਤਪਾਦਕਤਾ ਵਿਚ ਤੇਜ਼ੀ ਆ ਸਕਦੀ ਹੈ ਅਤੇ ਸੰਗਠਨਾਤਮਕ ਟੀਚਿਆਂ ਵਿੱਚ ਯੋਗਦਾਨ ਮਿਲ ਸਕਦਾ ਹੈ। ਵਿਭਾਗ ਦਾ ਕਹਿਣਾ ਹੈ ਕਿ ਸੀਨੀਅਰ ਅਹੁਦਿਆਂ 'ਤੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਨਾਲ ਦੇਸ਼ ਦੀ ਪ੍ਰਤੀਯੋਗੀ ਯੋਗਤਾ ਵਧ ਸਕਦੀ ਹੈ ਅਤੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਖੋਜ ਅਤੇ ਨਵੀਨਤਾ- IRCC ਖੋਜੀਆਂ ਅਤੇ ਵਿਗਿਆਨੀਆਂ ਦੀ ਚੋਣ ਨੂੰ ਤਰਜੀਹ ਦੇਣ 'ਤੇ ਵੀ ਵਿਚਾਰ ਕਰ ਰਿਹਾ ਹੈ। ਵਿਭਾਗ ਦਾ ਮੰਨਣਾ ਹੈ ਕਿ ਵਿਗਿਆਨਕ ਖੋਜ ਅਤੇ ਨਵੀਨਤਾ ਉਤਪਾਦਕਤਾ ਅਤੇ ਪ੍ਰਦਰਸ਼ਨ ਨੂੰ ਵਧਾ ਸਕਦੀ ਹੈ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦੀ ਹੈ।
ਰਾਸ਼ਟਰੀ ਸੁਰੱਖਿਆ ਅਤੇ ਰੱਖਿਆ- IRCC ਸਹਿਯੋਗੀ ਦੇਸ਼ਾਂ ਤੋਂ ਉੱਚ ਹੁਨਰਮੰਦ ਫੌਜੀ ਭਰਤੀਆਂ ਦੀ ਚੋਣ ਨੂੰ ਤਰਜੀਹ ਦੇ ਕੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦਾ ਸਮਰਥਨ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।