ਕੈਨੇਡਾ : ਸਰਕਾਰ ਬਣਾਉਣ 'ਚ 'ਕਿੰਗ ਮੇਕਰ' ਦੀ ਭੂਮਿਕਾ ਨਿਭਾ ਸਕਦੇ ਨੇ ਜਗਮੀਤ ਸਿੰਘ

10/22/2019 5:51:22 PM

ਓਟਾਵਾ (ਭਾਸ਼ਾ)— ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) ਇਸ ਵਾਰ ਹੋਈਆਂ ਆਮ ਚੋਣਾਂ ਵਿਚ 'ਕਿੰਗ ਮੇਕਰ' ਦੀ ਭੂਮਿਕਾ ਵਿਚ ਉੱਭਰੀ ਹੈ। ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਰੋਮਾਂਚਕ ਚੁਣਾਵੀ ਮੁਕਾਬਲੇ ਵਿਚ ਬਹੁਮਤ ਨਹੀਂ ਮਿਲਿਆ ਹੈ। ਭਾਵੇਂਕਿ ਸਭ ਤੋਂ ਵੱਧ ਸੀਟਾਂ ਜਿੱਤਣ ਦੇ ਨਾਲ ਹੀ ਉਹ ਸੱਤਾ ਦੇ ਦਾਅਵੇਦਾਰ ਬਣੇ ਹੋਏ ਹਨ। ਹਾਲ ਹੀ ਵਿਚ ਸੰਪੰਨ ਕੈਨੇਡੀਅਨ ਆਮ ਚੋਣਾਂ ਵਿਚ ਐੱਨ.ਡੀ.ਪੀ. ਨੂੰ 24 ਸੀਟਾਂ ਮਿਲੀਆਂ। ਲਿਬਰਲ ਪਾਰਟੀ ਨੂੰ 157 ਸੀਟਾਂ, ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 121, ਬਲਾਕ ਕਿਊਬੇਕੋਇਸ ਨੂੰ 32, ਗ੍ਰੀਨ ਪਾਰਟੀ ਨੂੰ ਤਿੰਨ ਅਤੇ ਆਜ਼ਾਦ ਨੂੰ ਇਕ ਸੀਟ ਮਿਲੀ।

ਟਰੂਡੋ ਨੂੰ 338 ਮੈਂਬਰੀ ਹਾਊਸ ਆਫ ਕਾਮਨਜ਼ ਵਿਚ ਲਿਬਰਲ ਪਾਰਟੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਬਣਾਉਣ ਲਈ 170 ਦੇ ਜਾਦੁਈ ਅੰਕੜੇ 'ਤੇ ਪਹੁੰਚਣ ਲਈ ਖੱਬੇ ਪੱਖੀ ਝੁਕਾਅ ਵਾਲੀਆਂ ਵਿਰੋਧੀ ਪਾਰਟੀਆਂ ਤੋਂ ਘੱਟੋ-ਘੱਟ 13 ਸਾਂਸਦਾਂ ਦੇ ਸਮਰਥਨ ਦੀ ਲੋੜ ਹੋਵੇਗੀ। ਟੋਰਾਂਟੋ ਸਟਾਰ ਸਮਾਚਾਰ ਏਜੰਸੀ ਨੇ ਕਿਹਾ,''ਐੱਨ.ਡੀ.ਪੀ. ਪਾਰਟੀ ਸੰਸਦ ਵਿਚ ਕਿੰਗ ਮੇਕਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਜਗਮੀਤ ਸਿੰਘ ਪਹਿਲਾਂ ਦੇ ਆਪਣੇ ਰਵੱਈਏ ਤੋਂ ਪਲਟਦੇ ਹੋਏ ਚੋਣਾਂ ਵਿਚ ਆਪਣੀ ਹੋਂਦ ਬਚਾਉਣ ਵਿਚ ਸਫਲ ਰਹੇ। ਭਾਵੇਂਕਿ 2015 ਦੇ ਮੁਕਾਬਲੇ ਇਸ ਵਾਰ ਉਹ ਸਿਰਫ 50 ਫੀਸਦੀ ਸੀਟਾਂ ਹੀ ਬਚਾ ਪਾਏ।'' 

ਸੀਟਾਂ ਦੀ ਗਿਣਤੀ ਵਿਚ ਗਿਰਾਵਟ ਦੇ ਬਾਵਜੂਦ ਜਗਮੀਤ ਨੇ ਮੰਗਲਵਾਰ ਨੂੰ ਆਪਣੇ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੈਨੇਡੀਅਨ ਲੋਕਾਂ ਦੀਆਂ ਤਰਜੀਹਾਂ 'ਤੇ ਕੰਮ ਕਰਨ ਲਈ ਹੁਣ ਸਖਤ ਮਿਹਨਤ ਕਰੇਗੀ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਖਬਰ ਦੇ ਮੁਤਾਬਕ,''ਖੁਦ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਰਹੇ ਜਗਮੀਤ (40) ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਐੱਨ.ਡੀ.ਪੀ. ਨਵੀਂ ਸੰਸਦ ਵਿਚ ਰਚਨਾਤਮਕ ਭੂਮਿਕਾ ਨਿਭਾਏ।'' ਕੈਨੇਡਾ ਵਿਚ ਫੈਡਰਲ ਰਾਜਨੀਤਕ ਦਲ ਦੇ ਪਹਿਲੇ ਗੈਰ ਗੋਰੇ ਨੇਤਾ ਨੇ 47 ਸਾਲ ਦੇ ਟਰੂਡੋ ਨੂੰ ਜਿੱਤ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਹੈ। ਗ੍ਰੀਨ ਪਾਰਟੀ ਨੇ ਪਹਿਲਾਂ ਹੀ ਵਿਰੋਧੀ ਧਿਰ ਵਿਚ ਬੈਠਣ ਦੇ ਸੰਕੇਤ ਦਿੱਤੇ ਹਨ। ਉੱਥੇ ਬਲਾਕ ਕਿਊਬੇਕੋਇਸ ਨੇਤਾ ਯੇਵਸ ਫ੍ਰਾਂਕੋਇਸ ਬਲੈਂਚੇਟ ਨੇ ਵੀ ਸਰਕਾਰ ਵਿਚ ਸ਼ਾਮਲ ਹੋਣ ਤੋਂ ਝਿਜਕ ਜ਼ਾਹਰ ਕੀਤੀ ਹੈ। ਅਜਿਹੇ ਵਿਚ ਸਾਰਿਆਂ ਦੀਆਂ ਨਜ਼ਰਾਂ ਐੱਨ.ਡੀ.ਪੀ. 'ਤੇ ਟਿਕੀਆਂ ਹਨ।


Vandana

Content Editor

Related News