ਤਾਂ ਇਸੇ ਲਈ ਕੈਨੇਡਾ ਨੂੰ ਕਿਹਾ ਜਾਂਦੈ ''ਮਿੰਨੀ ਪੰਜਾਬ'' (ਦੇਖੋ ਤਸਵੀਰਾਂ)

Monday, Mar 06, 2017 - 12:24 PM (IST)

 ਤਾਂ ਇਸੇ ਲਈ ਕੈਨੇਡਾ ਨੂੰ ਕਿਹਾ ਜਾਂਦੈ ''ਮਿੰਨੀ ਪੰਜਾਬ'' (ਦੇਖੋ ਤਸਵੀਰਾਂ)
ਟੋਰਾਂਟੋ— ਪੰਜਾਬੀ ਦੁਨੀਆ ਦੇ ਕੋਨੇ-ਕੋਨੇ ਵਿਚ ਵਸੇ ਹੋਏ ਹਨ ਅਤੇ ਜਿਥੇ ਪੰਜਾਬੀ ਹੋਣ ਉਥੇ ਪੰਜਾਬ ਤਾਂ ਬਣ ਹੀ ਜਾਂਦਾ ਹੈ ਪਰ ਕੈਨੇਡਾ ਅਜਿਹਾ ਦੇਸ਼ ਹੈ ਜਿਸ ਨੂੰ ''ਮਿੰਨੀ ਪੰਜਾਬ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੇ ਰਹਿ ਰਹੇ ਪੰਜਾਬੀਆਂ ਨੇ ਹਰ ਖੇਤਰ ਵਿਚ ਆਪਣੇ ਝੰਡੇ ਗੱਡੇ ਹਨ। ਛੋਟੇ ਜਿੰਨੇ ਕਾਰੋਬਾਰ ਤੋਂ ਲੈ ਕੇ ਸਰਕਾਰ ਬਣਾਉਣ ਵਿਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। 
ਕੈਨੇਡਾ ਵਿਚ ਪੰਜਾਬੀ ਸਿੱਖਾਂ ਆਬਾਦੀ 5 ਲੱਖ ਤੋਂ ਵਧ ਹੈ ਜੋ ਕੈਨੇਡੀਅਨ ਆਬਾਦੀ ਦੀ 1.40 ਫੀਸਦੀ ਬਣਦੀ ਹੈ। ਸਭ ਤੋਂ ਜ਼ਿਆਦਾ ਸਿੱਖ (ਕਰੀਬ ਸਵਾ 2 ਲੱਖ) ਇਥੋਂ ਦੇ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਹਨ। ਕੈਨੇਡਾ ਦੇ ਸਰਕਾਰੀ ਦਫਤਰਾਂ ਤੋਂ ਲੈ ਕੇ ਪ੍ਰਾਈਵੇਟ ਕੰਪਨੀਆਂ ਵਿਚ ਵੱਡੀ ਗਿਣਤੀ ''ਚ ਪੰਜਾਬੀ ਕੰਮ ਕਰਦੇ ਹਨ। ਗੱਲ ਕੀ, ਕੈਨੇਡਾ ਵਿਚ ਸ਼ਾਇਦ ਹੀ ਕੋਈ ਅਜਿਹੀ ਥਾਂ ਹੋਵੇਗੀ, ਜਿਥੇ ਤੁਹਾਨੂੰ ਪੰਜਾਬੀ ਨਾ ਮਿਲਣ। ਪੰਜਾਬ ਤੋਂ ਬਾਅਦ ਕੈਨੇਡਾ ਵਿਚ ਹੀ ਸਭ ਤੋਂ ਵਧ ਪੰਜਾਬੀ ਵੱਸਦੇ ਹਨ, ਜਿਸ ਕਰਕੇ ਇਸ ਨੂੰ ''ਮਿੰਨੀ ਪੰਜਾਬ'' ਕਿਹਾ ਜਾਂਦਾ ਹੈ। ਏਨਾ ਹੀ ਨਹੀਂ ਇਥੋਂ ਦੀਆਂ ਕਈ ਥਾਵਾਂ ਦੇ ਨਾਂ ਵੀ ਪੰਜਾਬ ਦੀਆਂ ਥਾਵਾਂ ''ਤੇ ਰੱਖੇ ਗਏ ਹਨ। ਇਥੇ ਪੰਜਾਬੀ ਬਾਜ਼ਾਰ ਵੀ ਹੈ, ਜਿਥੋਂ ਪੰਜਾਬ ਵਾਂਗ ਹਰ ਪੰਜਾਬੀਆਂ ਦੀ ਲੋੜ ਦਾ ਸਾਮਾਨ ਮਿਲ ਜਾਂਦਾ ਹੈ। 
ਸੰਨ 1897 ਵਿਚ ਕੇਸਰ ਸਿੰਘ ਨਾਂ ਦਾ ਪੰਜਾਬੀ ਸਭ ਤੋਂ ਪਹਿਲਾਂ ਕੈਨੇਡਾ ਵਿਚ ਜਾ ਕੇ ਵੱਸਿਆ ਸੀ। ਕੇਸਰ ਸਿੰਘ ਫੌਜ ਵਿਚ ਰਸਾਲਦਾਰ ਸੀ। ਉਸ ਤੋਂ ਬਾਅਦ ਉਥੇ ਪੰਜਾਬੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਅਤੇ 1906 ਤੱਕ ਕੈਨੇਡਾ ਵਿਚ 1500 ਪੰਜਾਬੀ ਹੋ ਗਏ। ਇਥੋਂ ਦੇ ਸਿੱਖਾਂ ਨੇ ਹੌਲੀ-ਹੌਲੀ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਸਰਕਾਰ ਵੱਲੋਂ ਵੀ ਪੰਜਾਬੀਆਂ ਦੀ ਅਹਿਮੀਅਤ ਨੂੰ ਸਮਝਦਿਆਂ ਇਨ੍ਹਾਂ ਦਾ ਸਾਥ ਦਿੱਤਾ ਜਾਣ ਲੱਗਾ। ਓਨਟਾਰੀਓ ਦੀ ਸਰਕਾਰ ਨੇ ਇਥੋਂ ਦੇ ਪੰਜਾਬੀਆਂ ਨਾਲ ਮਿਲ ਕੇ ਅਪ੍ਰੈਲ 2013 ਨੂੰ ਸਰਕਾਰੀ ਤੌਰ ''ਤੇ ''ਸਿੱਖ ਵਿਰਾਸਤੀ ਮਹੀਨੇ'' (ਸਿੱਖ ਹੈਰੀਟੇਜ਼ ਮੰਥ) ਵਜੋਂ ਮਨਾਇਆ। 
ਇਸ ਤੋਂ ਬਾਅਦ 2015 ਦੀਆਂ ਚੋਣਾਂ ਵਿਚ 20 ਪੰਜਾਬੀ ਐੱਮ. ਪੀਜ਼. ਚੁਣੇ ਗਏ, ਜੋ ਆਪਣੇ-ਆਪ ਵਿਚ ਬਹੁਤ ਹੀ ਵੱਡੀ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਸੀ। ਇਨ੍ਹਾਂ ਪੰਜਾਬੀ ਐੱਮ. ਪੀਜ਼ ਦੀ ਸਹਾਇਤਾ ਨਾਲ ਕੈਨੇਡਾ ਵਿਚ ਜਸਟਿਨ ਟਰੂਡੋ ਦੀ ਸਰਕਾਰ ਬਣੀ। ਟਰੂਡੋ ਨੇ ਆਪਣੀ ਕੈਬਨਿਟ ਦੀ ਚੋਣ ਕਰਦਿਆਂ 4 ਸਿੱਖ ਸ਼ਖਸੀਅਤਾਂ ਨੂੰ ਮੰਤਰੀ ਬਣਾਇਆ, ਜਿਨ੍ਹਾਂ ਵਿਚੋਂ ਹਰਜੀਤ ਸਿੰਘ ਸੱਜਣ ਨੂੰ ਰੱਖਿਆ ਵਿਭਾਗ ਵਰਗਾ ਮਹੱਤਵਪੂਰਨ ਵਿਭਾਗ ਦਿੱਤਾ ਗਿਆ। ਇਸ ਤੋਂ ਇਲਾਵਾ ਅਮਰਜੀਤ ਸਿੰਘ ਸੋਹੀ ਨੂੰ ਬੁਨਿਆਦੀ ਢਾਂਚਾ ਮੰਤਰੀ ਅਤੇ ਬੀਬੀ ਬਰਦਾਸ਼ ਕੌਰ ਚੱਗੜ ਨੂੰ ਲਘੂ ਉਦਯੋਗ ਅਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਜਦਕਿ ਨਵਦੀਪ ਸਿੰਘ ਬੈਂਸ ਕੈਨੇਡਾ ਦੇ ਨਵੀਨਤਾ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਹਨ। 
ਪੰਜਾਬੀ ਹੈ ਕੈਨੇਡਾ ਦੀ ਤੀਜੀ ਮਾਨਤਾ ਪ੍ਰਾਪਤ ਭਾਸ਼ਾ, ਧੂਮਧਾਮ ਨਾਲ ਮਨਾਏ ਜਾਂਦੇ ਨੇ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ —
ਇਸ ਤੋਂ ਇਲਾਵਾ ਕੈਨੇਡਾ ਹੀ ਇਕੋ-ਇਕ ਅਜਿਹਾ ਦੇਸ਼ ਹੈ ਜਿਥੇ ''ਪੰਜਾਬੀ'' ਨੂੰ ਤੀਸਰੀ ਭਾਸ਼ਾ ਵਜੋਂ ਮਾਨਤਾ ਪ੍ਰਾਪਤ ਹੈ ਜਦਕਿ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿਚ ਪ੍ਰਾਇਮਰੀ ਸਿੱਖਿਆ ਤੱਕ ਪੰਜਾਬੀ ਲਾਜ਼ਮੀ ਭਾਸ਼ਾ ਵਜੋਂ ਪੜ੍ਹਾਈ ਜਾਂਦੀ ਹੈ। ਏਨਾ ਹੀ ਨਹੀਂ ਕੈਨੇਡਾ ਪਾਰਲੀਮੈਂਟ ਵਿਚ ਵੀ ਪੰਜਾਬੀ ਤੀਸਰੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। 
ਇਸ ਮਿੰਨੀ ਪੰਜਾਬ ਵਿਚ ਪੰਜਾਬੀਆਂ ਵਲੋਂ ਹਰ ਦਿਨ-ਤਿਉਹਾਰ, ਗੁਰਪੁਰਬ ਅਤੇ ਸੱਭਿਆਚਾਰਕ ਸਮਾਗਮਾਂ ਨੂੰ ਵੱਡੇ ਪੱਧਰ ''ਤੇ ਮਨਾਇਆ ਜਾਂਦਾ ਹੈ। ਖਾਸ ਤੌਰ ''ਤੇ ਵਿਸਾਖੀ ਤਾਂ ਬਹੁਤ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਵਿਸਾਖੀ ''ਤੇ ਸੜਕਾਂ ''ਤੇ ਸਿੱਖ ਸੰਗਤਾਂ ਦਾ ਹੜ੍ਹ ਆਇਆ ਹੁੰਦਾ ਹੈ। ਇਸ ਤੋਂ ਇਲਾਵਾ ਹਰ ਗੁਰਪੁਰਬ ''ਤੇ ਇਥੋਂ ਦੀਆਂ ਸੰਗਤਾਂ ਨਗਰ ਕੀਰਤਨ ਸਜਾਉਂਦੀਆਂ ਹਨ ਅਤੇ ਗੁਰੂ ਸਾਹਿਬਾਨ ਦੀ ''ਪੰਗਤ ਤੇ ਸੰਗਤ'' ਦੀ ਰਵਾਇਤ ਨੂੰ ਕਾਇਮ ਰੱਖਦੀਆਂ ਹੋਈਆਂ ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀਆਂ ਹਨ।  
ਮੌਜੂਦਾ ਸਮੇਂ ਵਿਚ ਕੈਨੇਡਾ ''ਚ ਕਰੀਬ ਸਵਾ ਸੌ ਤੋਂ ਵਧ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ, ਜਿਨ੍ਹਾਂ ਵਿਚੋਂ ਬ੍ਰਿਟਿਸ਼ ਕੋਲੰਬੀਆ ਵਿਚ 61, ਓਨਟਾਰੀਓ ''ਚ 38, ਐਲਬਰਟਾ ''ਚ 10, ਕਿਊਬਿਕ ''ਚ 8, ਮਨੀਟੋਬਾ ''ਚ 6, ਨੋਵਾ ਸਕੋਟੀਆ ''ਚ 2, ਸਸਕੈਚਵਾਨ ''ਚ 2 ਅਤੇ ਨਿਊ ਫਾਊਂਜ਼ਲੈਂਡ ''ਚ 1 ਗੁਰਦੁਆਰਾ ਸਾਹਿਬ ਹੈ ਜਦਕਿ ਉਸ ਤੋਂ ਇਲਾਵਾ ਵੀ ਕੁਝ ਛੋਟੇ ਗੁਰਦੁਆਰਾ ਸਾਹਿਬ ਹਨ।  
ਇਥੇ ਹੀ ਬਸ ਨਹੀਂ ਕੈਨੇਡਾ ਦੇ ਸਮਾਜਿਕ ਢਾਂਚੇ ''ਤੇ ਵੀ ਪੰਜਾਬੀਆਂ ਦਾ ਕਾਫੀ ਪ੍ਰਭਾਵ ਹੈ। ਸਰਕਾਰੀ ਦਫਤਰਾਂ, ਪ੍ਰਾਈਵੇਟ ਕਾਰੋਬਾਰਾਂ ਤੋਂ ਇਲਾਵਾ ਹਰ ਖੇਤਰ ਵਿਚ ਪੰਜਾਬੀਆਂ ਨਜ਼ਰ ਆਉਂਦੇ ਹਨ ਅਤੇ ਸਭ ਤੋਂ ਵਧ ਪੰਜਾਬੀ ਇਥੋਂ ਦੀ ਟਰਾਂਸਪੋਰਟ ''ਤੇ ਕਾਬਜ਼ ਹਨ। ਗੱਲ ਕੀ, ਕੈਨੇਡਾ ਆਪਣੇ-ਆਪ ਵਿਚ ਛੋਟਾ ਜਿਹਾ ਪੰਜਾਬ ਹੈ, ਜੋ ਹਰ ਪੰਜਾਬੀ ਨੂੰ ਆਪਣੇ ਬੱਚੇ ਵਾਂਗ ਬੁੱਕਲ ''ਚ ਲੈ ਕੇ ਉਸ ਦਾ ਮੋਹ ਕਰਦਾ ਹੈ ਉਸ ਦਾ ਭਵਿੱਖ ਸੰਵਾਰਦਾ ਹੈ। ਇਸੇ ਲਈ ਹੀ ਤਾਂ ਕੈਨੇਡਾ ਨੂੰ ''ਮਿੰਨੀ ਪੰਜਾਬ'' ਕਿਹਾ ਜਾਂਦਾ ਹੈ।

author

Kulvinder Mahi

News Editor

Related News