ਟਰੂਡੋ ਨੂੰ ਝਟਕਾ, ਕੈਨੇਡਾ ਦੇ ਮੁਸਲਮਾਨ ਆਗੂਆਂ ਵੱਲੋਂ ਮੁਲਾਕਾਤ ਤੋਂ ਇਨਕਾਰ
Friday, Aug 23, 2024 - 05:43 PM (IST)
ਮਾਂਟਰੀਅਲ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰੀ ਨਮੋਸ਼ੀ ਝੱਲਣੀ ਪਈ ਜਦੋਂ ਕੈਨੇਡੀਅਨ ਮੁਸਲਮਾਨ ਭਾਈਚਾਰੇ ਦੇ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ। ਇਸ ਕਾਰਨ ਕਿਊਬਿਕ ਦੇ ਲਾਸਾਲ ਇਲਾਕੇ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੁਸਲਮਾਨ ਆਗੂਆਂ ਨਾਲ ਰੱਖੀ ਮੀਟਿੰਗ ਆਖਰਕਾਰ ਰੱਦ ਕਰਨੀ ਪਈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਕਿਹਾ ਕਿ ਗਾਜ਼ਾ ਦੇ ਹਾਲਾਤ ਅਤੇ ਕੈਨੇਡਾ ਵਿਚ ਲਗਾਤਾਰ ਵੱਧ ਰਹੇ ਇਸਲਾਮੋਫੋਬੀਆ ਦੇ ਮੱਦੇਨਜ਼ਰ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਗੁੱਸੇ ਵਿਚ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਆਗੂਆਂ ਨੂੰ ਸੱਦਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਲਵਾਲ-ਲੈਸ-ਈਲ ਤੋਂ ਐਮ.ਪੀ. ਫਾਇਕਲ ਅਲ ਖਾਉਰੀ ਵੱਲੋਂ ਮੀਟਿੰਗ ਵਿਚ ਸ਼ਾਮਲ ਹੋਣ ਲਈ ਜ਼ੁਬਾਨੀ ਸੱਦੇ ਭੇਜੇ ਗਏ ਸਨ। ਮਹਿਮਾਨਾਂ ਨੂੰ ਲਵਾਲ ਦੇ ਸ਼ੈਟੂ ਰਾਯਲ ਹਾਲ ਵਿਚ ਬੁੱਧਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਮੀਟਿੰਗ ਵਾਸਤੇ ਸੱਦਿਆ ਗਿਆ ਸੀ।
ਮੁਸਲਮਾਨ ਆਗੂਆਂ ਵੱਲੋਂ ਟਰੂਡੋ ਨਾਲ ਮੁਲਾਕਾਤ ਤੋਂ ਇਨਕਾਰ
ਪ੍ਰਧਾਨ ਮੰਤਰੀ ਟਰੂਡੋ ਦੀ ਆਮਦ ਬਾਰੇ ਪਤਾ ਲਗਦਿਆਂ ਹੀ ਫਲਸਤੀਨ ਹਮਾਇਤੀ ਹਾਲ ਦੇ ਬਾਹਰ ਇਕੱਤਰ ਹੋਣੇ ਸ਼ੁਰੂ ਹੋ ਗਏ। ਲਾਵਾਲ ਪੁਲਸ ਦੀ ਤਰਜਮਾਨ ਸਟੈਫਨੀ ਨੇ ਦੱਸਿਆ ਕਿ ਭੀੜ ਨੂੰ ਖਿੰਡਾਉਣ ਲਈ ਵੱਡੀ ਗਿਣਤੀ ਵਿਚ ਪੁਲਸ ਅਫਸਰਾਂ ਨੂੰ ਮੌਕੇ ’ਤੇ ਭੇਜਿਆ ਗਿਆ। ਪੁਲਸ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਕਿ ਹਾਲ ਵਿਚ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੀਟਿੰਗ ਕੀਤੀ ਜਾਣੀ ਸੀ ਪਰ ਇਹ ਰੱਦ ਹੋ ਗਈ। ਉਧਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਮੁੱਦੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਅਤੇ ਕਿਹਾ ਕਿ ਜਸਟਿਨ ਟਰੂਡੋ ਮੱਧ ਪੂਰਬ ਵਿਚ ਚੱਲ ਰਹੇ ਸੰਕਟ ਬਾਰੇ ਅਹਿਮ ਵਿਚਾਰ ਵਟਾਂਦਰਾ ਕਰਨ ਲਈ ਵਚਨਬੱਧ ਹਨ। ਇਸੇ ਦੌਰਾਨ ਮੀਟਿੰਗ ਵਿਚ ਸੱਦੇ ਗਏ ਇਮਾਮ ਹਸਨ ਗਿਲਟ ਨੇ ਦੋਸ਼ ਲਾਇਆ ਕਿ ਟਰੂਡੋ ਸਰਕਾਰ ਕੈਨੇਡੀਅਨ ਕਦਰਾਂ-ਕੀਮਤਾਂ ਮੁਤਾਬਕ ਆਪਣਾ ਸਟੈਂਡ ਜ਼ਾਹਰ ਕਰਨ ਤੋਂ ਝਿਜਕਦੀ ਰਹੀ ਅਤੇ ਮਾਸੂਮ ਜਾਨਾਂ ਬਚਾਉਣ ਲਈ ਕੌਮਾਂਤਰੀ ਕਾਨੂੰਨ ਦੀ ਪਾਲਣਾ ਵੀ ਨਾ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਇਕ ਮਹੀਨੇ 'ਚ ਪੰਜਾਬੀ ਮੂਲ ਦੇ ਚਾਰ ਨੌਜਵਾਨਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼
ਕਿਊਬਿਕ ਵਿਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਰੱਖੀ ਮੀਟਿੰਗ ਕਰਨੀ ਪਈ ਰੱਦ
ਮੁਸਲਮਾਨ ਭਾਈਚਾਰੇ ਵਿਚ ਬੇਹੱਦ ਨਾਰਾਜ਼ਗੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਟਰੂਡੋ ਸਰਕਾਰ ਵੱਲੋਂ ਇਜ਼ਰਾਈਲ ਅਤੇ ਹਮਾਸ ਵਿਚ ਚੱਲ ਰਿਹਾ ਖੂਨੀ ਟਕਰਾਅ ਰੋਕਣ ਲਈ ਮਨੁੱਖਤਾ ਦੇ ਆਧਾਰ ’ਤੇ ਗੋਲੀਬੰਦੀ ਦਾ ਸੱਦਾ ਦਿਤਾ ਜਾ ਰਿਹਾ ਹੈ। ਉਧਰ ਇਮਾਮ ਹਸਨ ਗਿਲਟ ਸਿਆਸਤ ਵਿਚ ਕਿਸਮਤ ਅਜ਼ਮਾ ਚੁੱਕੇ ਹਨ ਅਤੇ 2019 ਵਿਚ ਲਿਬਰਲ ਪਾਰਟੀ ਵੱਲੋਂ ਚੋਣ ਲੜ ਰਹੇ ਸਨ ਪਰ ਹਮਾਸ ਨਾਲ ਸਬੰਧਤ ਇਕ ਕਾਰਕੁੰਨ ਦੀ ਸ਼ਲਾਘਾ ਕੀਤੇ ਜਾਣ ਦੇ ਦੋਸ਼ਾਂ ਮਗਰੋਂ ਉਨ੍ਹਾਂ ਦੀ ਉਮੀਦਵਾਰ ਰੱਦ ਕਰ ਦਿਤੀ ਗਈ। ਕੈਨੇਡਾ ਦੇ ਸਾਬਕਾ ਨਿਆਂ ਮੰਤਰੀ ਡੇਵਿਡ ਲਾਮੇਟੀ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਕਾਰਨ ਖਾਲੀ ਹੋਈ ਲਾਸਾਲ-ਇਮਾਰਡ-ਵਰਡਨ ਪਾਰਲੀਮਾਨੀ ਸੀਟ ’ਤੇ ਸਤੰਬਰ ਵਿਚ ਜ਼ਿਮਨੀ ਚੋਣ ਹੋਣੀ ਹੈ। ਭਾਵੇਂ ਮਾਂਟਰੀਅਲ ਨੂੰ ਲਿਬਰਲ ਪਾਰਟੀ ਦਾ ਗੜ੍ਹ ਮੰਨਿਆ ਜਾਦਾ ਹੈ ਪਰ ਇਸ ਵਾਰ ਐਨ.ਡੀ.ਪੀ. ਅਤੇ ਬਲੌਕ ਕਿਊਬਿਕ ਦੋਵੇਂ ਪਾਰਟੀਆਂ ਆਪਣਾ ਹੱਥ ਉਪਰ ਹੋਣ ਦਾ ਦਾਅਵਾ ਕਰ ਰਹੀਆਂ ਹਨ। ਲਿਬਰਲ ਪਾਰਟੀ ਟੋਰਾਂਟੋ-ਸੇਂਟ ਪੌਲ ਰਾਈਡਿੰਗ ’ਤੇ ਹੋਈ ਹਾਰ ਨੂੰ ਹੁਣ ਤੱਕ ਭੁੱਲੀ ਨਹੀਂ ਅਤੇ ਕੌਮੀ ਪੱਧਰ ’ਤੇ ਵੀ ਜਸਟਿਨ ਟਰੂਡੋ ਨੂੰ ਨਾਪਸੰਦ ਕਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਵਧ ਚੁੱਕੀ ਹੈ। 2021 ਦੀ ਮਰਦਮਸ਼ੁਮਾਰੀ ਮੁਤਾਬਕ ਲਾਸਾਲ ਹਲਕੇ ਵਿਚ ਮੁਸਲਮਾਨਾਂ ਦੀ ਆਬਾਦੀ ਪੰਜ ਫ਼ੀਸਦੀ ਦੇ ਨੇੜੇ ਤੇੜੇ ਬਣਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।