ਅਮਰੀਕੀ ਪੁਲਸ ਵੱਲੋਂ ਪੰਜਾਬੀਆਂ ਸਣੇ 17 ਲੋਕ ਗ੍ਰਿਫ਼ਤਾਰ, ਮਸ਼ੀਨ ਗੰਨ ਤੇ AK-47 ਬਰਾਮਦ

Tuesday, Apr 18, 2023 - 03:30 PM (IST)

ਅਮਰੀਕੀ ਪੁਲਸ ਵੱਲੋਂ ਪੰਜਾਬੀਆਂ ਸਣੇ 17 ਲੋਕ ਗ੍ਰਿਫ਼ਤਾਰ, ਮਸ਼ੀਨ ਗੰਨ ਤੇ AK-47 ਬਰਾਮਦ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਸੈਕਰਾਮੈਂਟੋ ਦੇ ਇੱਕ ਗੁਰਦੁਆਰਾ ਸਾਹਿਬ ਸਮੇਤ 11 ਥਾਵਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਦੀ ਬਹੁ-ਏਜੰਸੀ ਜਾਂਚ ਤੋਂ ਬਾਅਦ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ। ਉਨ੍ਹਾਂ ਕੋਲੋਂ ਏ.ਕੇ.-47 ਰਾਈਫਲਾਂ ਅਤੇ ਮਸ਼ੀਨ ਗਨ ਬਰਾਮਦ ਹੋਈ ਹੈ। ਇਹ ਗ੍ਰਿਫ਼ਤਾਰੀਆਂ 20 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਦੌਰਾਨ ਕੀਤੀਆਂ ਗਈਆਂ ਹਨ। ਉੱਤਰੀ ਕੈਲੀਫੋਰਨੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਨ੍ਹਾਂ ਸਮੂਹਾਂ ਦੇ ਮੈਂਬਰ ਕਥਿਤ ਤੌਰ 'ਤੇ 27 ਅਗਸਤ, 2022 ਨੂੰ ਸਟਾਕਟਨ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਅਤੇ 23 ਮਾਰਚ, 2023 ਨੂੰ ਸੈਕਰਾਮੈਂਟੋ ਦੇ ਇੱਕ ਹੋਰ ਗੁਰਦੁਆਰਾ ਸਾਹਿਬ ਵਿੱਚ ਗੋਲੀਬਾਰੀ ਵਿੱਚ ਸ਼ਾਮਲ ਸਨ। 

PunjabKesari

ਉਨ੍ਹਾਂ ਕਿਹਾ ਕਿ ਸਟਾਕਟਨ ਘਟਨਾ ਵਿੱਚ ਪੰਜ ਅਤੇ ਸੈਕਰਾਮੈਂਟੋ ਘਟਨਾ ਵਿੱਚ ਦੋ ਲੋਕਾਂ ਨੂੰ ਗੋਲੀ ਲੱਗੀ ਸੀ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੋਬ ਬੋਂਟਾ, ਯੂਬਾ ਸਿਟੀ ਪੁਲਸ ਮੁਖੀ ਬ੍ਰਾਇਨ ਬੇਕਰ ਅਤੇ ਸੂਟਰ ਕਾਉਂਟੀ ਜ਼ਿਲ੍ਹਾ ਅਟਾਰਨੀ ਜੈਨੀਫ਼ਰ ਡੁਪਰੇ ਨੇ ਸੋਮਵਾਰ ਨੂੰ ਦੱਸਿਆ ਕਿ ਉੱਤਰੀ ਕੈਲੀਫੋਰਨੀਆ ਵਿਚ ਐਤਵਾਰ ਨੂੰ 20 ਸਥਾਨਾਂ 'ਤੇ ਇਕ ਵੱਡੇ ਸਰਚ ਵਾਰੰਟ ਆਪ੍ਰੇਸ਼ਨ ਦੌਰਾਨ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ। ਡੁਪਰੇ ਨੇ ਦੱਸਿਆ ਕਿ ਪੁਲਸ ਨੇ ਏਕੇ-47 ਰਾਈਫਲਾਂ, ਪਿਸਤੌਲਾਂ ਅਤੇ ਇੱਕ ਮਸ਼ੀਨ ਗਨ ਸਮੇਤ 42 ਬੰਦੂਕਾਂ ਜ਼ਬਤ ਕੀਤੀਆਂ ਹਨ। ਉਸਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਮਾਫੀਆ ਦੇ ਮੈਂਬਰ ਹਨ ਅਤੇ ਭਾਰਤ ਵਿੱਚ "ਕਤਲ ਦੇ ਕਈ ਮਾਮਲਿਆਂ ਵਿੱਚ ਲੋੜੀਂਦੇ" ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀਆਂ ਨੂੰ ਨਵੇਂ ਤਰੀਕੇ ਭਰਮਾਉਣ ਲੱਗੇ 'ਠੱਗ', ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਇਸ਼ਤਿਹਾਰ ਜਾਰੀ

ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀ ਇੱਕ ਵਿਰੋਧੀ ਅਪਰਾਧੀ ਗਰੋਹ ਦਾ ਹਿੱਸਾ ਹਨ ਅਤੇ ਕਈ ਹਿੰਸਕ ਘਟਨਾਵਾਂ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਹਨ। ਅਟਾਰਨੀ ਜਨਰਲ ਦੇ ਅਨੁਸਾਰ ਇਹ ਵਿਅਕਤੀ ਕਥਿਤ ਤੌਰ 'ਤੇ ਸੂਟਰ, ਸੈਕਰਾਮੈਂਟੋ, ਸੈਨ ਜੋਕਿਨ, ਸੋਲਾਨੋ, ਯੋਲੋ ਅਤੇ ਮਰਸਡ ਕਾਉਂਟੀਆਂ ਵਿੱਚ ਗੋਲੀਬਾਰੀ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਦੇ ਪੰਜ ਮਾਮਲੇ ਸ਼ਾਮਲ ਹਨ। ਇਸ ਜਾਂਚ ਨੂੰ 'ਆਪ੍ਰੇਸ਼ਨ ਬ੍ਰੋਕਨ ਤਲਵਾਰ' ਦਾ ਨਾਂ ਦਿੱਤਾ ਗਿਆ ਹੈ। ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਜਾਂਚ ਦੌਰਾਨ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੋ ਹੋਰ ਸਥਾਨਾਂ 'ਤੇ ਗੋਲੀਬਾਰੀ ਦੀਆਂ ਹੋਰ ਘਟਨਾਵਾਂ ਨੂੰ ਰੋਕਣ ਦੇ ਯੋਗ ਸਨ। ਲਗਭਗ 70,000 ਲੋਕਾਂ ਦੀ ਆਬਾਦੀ ਵਾਲੇ ਯੂਬਾ ਸਿਟੀ ਸ਼ਹਿਰ ਵਿੱਚ ਸਿੱਖ ਭਾਈਚਾਰਾ ਬਹੁਤ ਵੱਡਾ ਹੈ ਅਤੇ ਇਸਨੂੰ "ਮਿੰਨੀ ਪੰਜਾਬ" ਵਜੋਂ ਵੀ ਜਾਣਿਆ ਜਾਂਦਾ ਹੈ। ਹਰ ਸਾਲ ਨਵੰਬਰ ਮਹੀਨੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਨਗਰ ਕੀਰਤਨ ਲਈ ਆਉਂਦੇ ਹਨ। ਕੈਲੀਫੋਰਨੀਆ ਦੀ ਸੈਂਟਰਲ ਵੈਲੀ ਵਿੱਚ ਵੀ ਸਿੱਖਾਂ ਦੀ ਕਾਫੀ ਗਿਣਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News