ਆਸਟ੍ਰੇਲੀਆਈ ਟਾਪੂ ''ਤੇ ਭਿਆਨਕ ਜੰਗਲੀ ਅੱਗ, ਐਮਰਜੈਂਸੀ ਘੋਸ਼ਿਤ
Wednesday, Nov 25, 2026 - 05:42 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਤਸਮਾਨੀਆ ਰਾਜ ਦੇ ਦੱਖਣ-ਪੂਰਬੀ ਤੱਟ 'ਤੇ ਸਥਿਤ ਫਲਿੰਡਰਜ਼ ਆਈਲੈਂਡ 'ਤੇ ਬੇਕਾਬੂ ਹੋਈ ਜੰਗਲੀ ਅੱਗ ਕਾਰਨ ਜਾਨ-ਮਾਲ ਦਾ ਭਾਰੀ ਖ਼ਤਰਾ ਪੈਦਾ ਹੋ ਗਿਆ ਹੈ। ਸਥਿਤੀ ਨੂੰ ਗੰਭੀਰ ਦੇਖਦਿਆਂ ਪ੍ਰਸ਼ਾਸਨ ਦੁਆਰਾ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਸਮਾਨੀਆ ਫਾਇਰ ਸਰਵਿਸ ਨੇ ਅੱਜ ਜਾਰੀ ਕੀਤੇ ਬਿਆਨ ਵਿੱਚ ਟਾਪੂ ਦੇ ਉੱਤਰ-ਪੱਛਮੀ ਤੱਟ 'ਤੇ ਮੌਜੂਦ ਰਹਿਣ ਵਾਲਿਆਂ ਨੂੰ ਤੁਰੰਤ ਆਪਣੀ ਜਾਨ ਬਚਾਉਣ ਲਈ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।
ਅੱਗ ਬੁਝਾਊ ਵਿਭਾਗ ਵੱਲੋਂ ਜਾਰੀ ਚੇਤਾਵਨੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਲਾਕੇ ਵਿੱਚੋਂ ਬਾਹਰ ਨਿਕਲਣ ਲਈ ਹੁਣ ਬਹੁਤ ਦੇਰ ਹੋ ਚੁੱਕੀ ਹੈ, ਕਿਉਂਕਿ ਭੜਕ ਰਹੀ ਅੱਗ ਨੇ ਬਾਹਰ ਨਿਕਲਣ ਦੇ ਮੁੱਖ ਰਸਤਿਆਂ ਨੂੰ ਘੇਰ ਲਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਅੱਗ ਨਾਲ ਲੜਨ ਦੀ ਕੋਸ਼ਿਸ਼ ਨਾ ਕਰਨ। ਅੱਗ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸੇ ਸੁਰੱਖਿਅਤ ਥਾਂ 'ਤੇ ਪਨਾਹ ਲੈ ਲੈਣ। 2021 ਦੀ ਰਾਸ਼ਟਰੀ ਜਨਗਣਨਾ ਅਨੁਸਾਰ ਇਸ ਪ੍ਰਭਾਵਿਤ ਖੇਤਰ ਵਿੱਚ ਲਗਭਗ 43 ਲੋਕ ਰਹਿ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ- AUS ਨੇ ਔਨਲਾਈਨ ਸੁਰੱਖਿਆ ਕਾਨੂੰਨ ਕਰ'ਤਾ ਪਾਸ, ਤਕਨਾਲੋਜੀ ਕੰਪਨੀਆਂ 'ਤੇ ਭਾਰੀ ਜੁਰਮਾਨੇ ਦੀ ਲਟਕੀ ਤਲਵਾਰ
ਇਹ ਅੱਗ ਇੱਕ ਕੁਦਰਤੀ ਰਾਖਵੇਂ ਖੇਤਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ੁਰੂ ਹੋਈ। ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਇਹ ਅੱਗ ਹੁਣ ਤੱਕ ਲਗਭਗ 3,000 ਹੈਕਟੇਅਰ ਜ਼ਮੀਨ ਨੂੰ ਆਪਣੀ ਲਪੇਟ ਵਿੱਚ ਲੈ ਕੇ ਤਬਾਹ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਫਲਿੰਡਰਜ਼ ਆਈਲੈਂਡ ਵਿਕਟੋਰੀਆ ਅਤੇ ਤਸਮਾਨੀਆ ਦੇ ਮੁੱਖ ਟਾਪੂ ਦੇ ਵਿਚਕਾਰ ਬਾਸ ਸਟ੍ਰੇਟ ਵਿੱਚ ਸਥਿਤ ਹੈ।
ਪ੍ਰਸ਼ਾਸਨ ਨੇ ਇਲਾਕੇ ਦੇ ਲੋਕਾਂ ਨੂੰ ਘਰਾਂ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਨ, ਏਅਰ ਕੰਡੀਸ਼ਨਰ ਬੰਦ ਰੱਖਣ ਅਤੇ ਸਾਫ਼ ਨਿਕਾਸ ਵਾਲੇ ਕਮਰਿਆਂ ਅੰਦਰ ਰਹਿਣ ਦੀ ਹਦਾਇਤ ਦਿੱਤੀ ਹੈ। ਵਿਭਾਗ ਅਨੁਸਾਰ ਸੰਘਣੇ ਧੂੰਏਂ ਅਤੇ ਅੰਗਿਆਰਿਆਂ ਦੇ ਡਿੱਗਣ ਨਾਲ ਮੁੱਖ ਅੱਗ ਦੇ ਪਹੁੰਚਣ ਤੋਂ ਪਹਿਲਾਂ ਹੀ ਘਰਾਂ ਦੇ ਆਸ-ਪਾਸ ਛੋਟੀਆਂ ਅੱਗਾਂ ਲੱਗ ਸਕਦੀਆਂ ਹਨ। ਇਸ ਤੋਂ ਪਹਿਲਾਂ 20 ਨਵੰਬਰ ਨੂੰ ਪੱਛਮੀ ਆਸਟ੍ਰੇਲੀਆ (WA) ਦੇ ਪਰਥ ਸ਼ਹਿਰ ਤੋਂ 35 ਕਿਲੋਮੀਟਰ ਉੱਤਰ-ਪੂਰਬ ਵਿੱਚ ਵੀ ਬੇਕਾਬੂ ਜੰਗਲੀ ਅੱਗ ਕਾਰਨ ਐਮਰਜੈਂਸੀ ਚੇਤਾਵਨੀ ਜਾਰੀ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
