ਬ੍ਰਿਟੇਨ 'ਚ ਹਿੰਸਾ ਭੜਕਨ 'ਤੇ ਇੰਝ ਹੋਵੇਗੀ ਸ਼ਾਹੀ ਪਰਿਵਾਰ ਦੀ ਸੁਰੱਖਿਆ

02/03/2019 3:34:33 PM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਬ੍ਰੈਗਜ਼ਿਟ ਕਾਰਨ ਤਣਾਅ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ਵਿਚ ਸ਼ਾਹੀ ਪਰਿਵਾਰ ਦੀ ਸੁਰੱਖਿਆ ਸਬੰਧੀ ਚਿੰਤਾ ਵੱਧ ਗਈ ਹੈ। ਬ੍ਰਿਟਿਸ਼ ਅਧਿਕਾਰੀਆਂ ਨੇ ਬ੍ਰਿਟੇਨ ਵਿਚ ਹਾਲਾਤ ਵਿਗੜਨ ਦੀ ਸਥਿਤੀ ਵਿਚ ਸ਼ਾਹੀ ਪਰਿਵਾਰ ਲਈ ਵਿਸ਼ੇਸ਼ 'Escape Plan' ਤਿਆਰ ਕੀਤਾ ਹੈ। ਇੱਥੇ ਦੱਸ ਦਈਏ ਕਿ ਬ੍ਰਿਟੇਨ ਅਗਲੇ ਮਹੀਨੇ ਯੂਰਪੀ ਯੂਨੀਅਨ (ਈ.ਯੂ.) ਤੋਂ ਵੱਖ ਹੋਣ ਜਾ ਰਿਹਾ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਦੇਸ਼ ਵਿਚ ਹਿੰਸਾ ਭੜਕ ਸਕਦੀ ਹੈ।

ਇਕ ਸਥਾਨਕ ਅੰਗਰੇਜ਼ੀ ਅਖਬਾਰ ਨੇ ਪ੍ਰਬੰਧਕੀ ਮੁੱਦਿਆਂ ਨੂੰ ਸੰਭਾਲਣ ਵਾਲੇ ਇਕ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਸ਼ਾਹੀ ਪਰਿਵਾਰ ਨੂੰ ਸੁਰੱਖਿਅਤ ਜਗ੍ਹਾ ਭੇਜਣ ਦਾ ਫੈਸਲਾ No-Deal Brexit ਕਾਰਨ ਤਣਾਅਪੂਰਣ ਸਥਿਤੀ ਨੂੰ ਦੇਖਦਿਆਂ ਲਿਆ ਗਿਆ ਹੈ। ਇਕ ਹੋਰ ਅੰਗਰੇਜ਼ੀ ਅਖਬਾਰ ਨੇ ਐਤਵਾਰ ਨੂੰ ਕਿਹਾ ਕਿ ਸ਼ਾਹੀ ਪਰਿਵਾਰ ਅਤੇ ਰਾਣੀ ਐਲੀਜ਼ਾਬੇਥ ਨੂੰ ਲੰਡਨ ਤੋਂ ਬਾਹਰ ਕਿਸੇ ਸੁਰੱਖਿਅਤ ਜਗ੍ਹਾ 'ਤੇ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਗੌਰਤਲਬ ਹੈ ਕਿ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਵੱਖ ਹੋਣ ਦੀ ਪ੍ਰਕਿਰਿਆ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਉਲਝਣ ਦੀ ਸਥਿਤੀ ਬਣੀ ਹੋਈ ਹੈ। ਵੱਖ ਹੋਣ ਦੀ ਆਖਰੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ। ਉੱਧਰ ਬ੍ਰੈਗਜ਼ਿਟ ਸਮਝੌਤੇ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਰਕਾਰ ਅਤੇ ਵਿਰੋਧੀ ਪਾਰਟੀ ਵਿਚ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਇਸ ਕਾਰਨ ਸਰਕਾਰ ਨੇ ਵੀਰਵਾਰ ਨੂੰ ਸੰਸਦ ਮੈਂਬਰਾਂ ਦੀਆਂ ਫਰਵਰੀ ਦੀਆਂ ਛੁੱਟੀਆਂ ਰੱਦ ਕਰਨ ਦਾ ਐਲਾਨ ਕੀਤਾ ਹੈ। 

ਬੀਤੇ ਮਹੀਨੇ 92 ਸਾਲਾ ਰਾਣੀ ਐਲੀਜ਼ਾਬੇਥ ਨੇ ਆਪਣੇ ਸਾਲਾਨਾ ਭਾਸ਼ਣ ਵਿਚ ਸਿਆਸਤਦਾਨਾਂ ਨੂੰ ਇਸ ਸਮਝੌਤੇ ਨੂੰ ਲੈ ਕੇ ਕਿਸੇ ਨਤੀਜੇ 'ਤੇ ਪਹੁੰਚਣ ਲਈ ਕਿਹਾ ਸੀ। ਕੰਜ਼ਰਵੇਟਿਵ ਕਾਨੂੰਨ ਨਿਰਮਾਤਾ ਅਤੇ ਬ੍ਰੈਗਜ਼ਿਟ ਸਮਰਥਕ ਜੈਕਬ ਰੀਸ-ਮੋਗ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ,''No-Deal Brexit ਨੂੰ ਲੈ ਕੇ ਅਧਿਕਾਰੀ ਬਿਨਾਂ ਵਜ੍ਹਾ ਚਿੰਤਾ ਕਰ ਰਹੇ ਹਨ। ਇਸ ਤੋਂ ਪਹਿਲਾਂ ਦੂਜੇ ਵਿਸ਼ਵ ਯੁੱਧ ਦੇ ਸਮੇਂ ਵੀ ਸ਼ਾਹੀ ਪਰਿਵਾਰ ਲੰਡਨ ਵਿਚ ਹੀ ਸੀ।''


Vandana

Content Editor

Related News