ਬਾਕਮਾਲ! ਪਹਿਲੇ ਬਲਾਈਂਡ ਕਲਾਈਂਬਰ ਬਣੇ ਜੇਸੀ, ਚੜ੍ਹੇ 450 ਫੁੱਟ ਉੱਚੀ ਪਹਾੜੀ
Thursday, Dec 05, 2019 - 12:08 PM (IST)

ਲੰਡਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਮਨੁੱਖ ਇਕ ਵਾਰ ਪੱਕਾ ਇਰਾਦਾ ਬਣਾ ਲਵੇ ਤਾਂ ਉਸ ਨੂੰ ਮੰਜ਼ਿਲ ਜ਼ਰੂਰ ਹਾਸਲ ਹੁੰਦੀ ਹੈ। ਇਸੇ ਪੱਕੇ ਇਰਾਦੇ ਦੇ ਨਾਲ ਬ੍ਰਿਟੇਨ ਦੇ ਜੇਸੀ ਡਫਟਨ ਸਕਾਟਲੈਂਡ ਦੀ 'ਓਲਡ ਮੈਨ ਆਫ ਹਾਏ' ਪਹਾੜੀ 'ਤੇ ਚੜ੍ਹਨ ਵਾਲੇ ਦੁਨੀਆ ਦੇ ਪਹਿਲੇ ਨੇਤਰਹੀਣ ਪਰਬਤਾਰੋਹੀ (Blind climber) ਬਣ ਗਏ ਹਨ। ਜੇਸੀ ਨੇ 450 ਫੁੱਟ ਉੱਚੀ ਪਹਾੜੀ 'ਤੇ 7 ਘੰਟੇ ਵਿਚ ਚੜ੍ਹਾਈ ਪੂਰੀ ਕੀਤੀ। ਇਹ ਚੜ੍ਹਾਈ ਪੂਰੀ ਕਰਨ ਵਿਚ ਜੇਸੀ ਦੀ ਮਦਦ ਉਸ ਦੇ ਮੰਗੇਤਰ ਮਾਲੀ ਥਾਮਪਸਨ ਨੇ ਕੀਤੀ। ਥਾਮਪਸਨ ਨੇ ਉਨ੍ਹਾਂ ਨੂੰ ਹੈੱਡਸੈੱਟ ਦੀ ਮਦਦ ਨਾਲ ਵੋਇਸ ਕਮਾਂਡ ਦਿੱਤੀ। ਜੇਸੀ ਅਤੇ ਥਾਮਪਸਨ 2004 ਤੋਂ ਇਕੱਠੇ ਚੜ੍ਹਾਈ ਕਰ ਰਹੇ ਹਨ।
ਲਾਲ ਰੇਤੀਲੇ ਪੱਥਰਾਂ ਨਾਲ ਬਣੀ ਇਹ ਪਹਾੜੀ ਸਕਾਟਲੈਂਡ ਵਿਚ ਨੌਰਥ ਕੋਸਟ ਵਿਚ ਸਥਿਤ ਹੈ। ਜੇਸੀ ਨੇ ਕਿਹਾ,''ਇਹ ਪਹਾੜੀ ਰਿਮੋਟ ਏਰੀਆ ਵਿਚ ਹੈ। ਇਸ ਲਈ ਚੜ੍ਹਾਈ ਕਰਨ ਵਿਚ ਥੋੜ੍ਹੀ ਪਰੇਸ਼ਾਨੀ ਹੋਈ। ਇਹ ਸਮੁੰਦਰ ਦੇ ਕਿਨਾਰੇ ਹੈ ਇਸ ਲਈ ਮੈਂ ਇਸ ਨੂੰ ਚੁਣਿਆ। ਮੈਂ ਇਸ ਪਹਾੜੀ 'ਤੇ ਚੜ੍ਹਨ ਵਾਲਾ ਪਹਿਲਾ ਨੇਤਰਹੀਣ ਪਰਬਤਾਰੋਹੀ ਬਣਨਾ ਚਾਹੁੰਦਾ ਸੀ ਅਤੇ ਮੈਂ ਅਜਿਹਾ ਕਰ ਦਿਖਾਇਆ। ਚੜ੍ਹਾਈ ਕਰਦੇ ਸਮੇਂ ਬਹੁਤ ਫੋਕਸ ਕਰਨਾ ਪੈਂਦਾ ਹੈ। ਤੁਸੀਂ ਕਿਸੇ ਹੋਰ ਚੀਜ਼ ਦੇ ਬਾਰੇ ਵਿਚ ਨਹੀਂ ਸੋਚ ਸਕਦੇ। ਸਿਰਫ ਇਕ ਚੀਜ਼ ਸੋਚਣੀ ਪੈਂਦੀ ਹੈ ਅਤੇ ਉਹ ਇਹ ਕਿ ਖੜ੍ਹੀ ਪਹਾੜੀ 'ਤੇ ਚੜ੍ਹਾਈ ਕਿਵੇਂ ਕਰਨੀ ਹੈ ਅਤੇ ਇਹ ਚੜ੍ਹਾਈ ਕਿਵੇਂ ਪੂਰੀ ਹੋਵੇਗੀ।''
ਜਾਣਕਾਰੀ ਮੁਤਾਬਕ ਜਨਮ ਦੇ ਸਮੇਂ ਜੇਸੀ ਦੀ ਨਜ਼ਰ ਸਿਰਫ 20 ਫੀਸਦੀ ਸੀ ਪਰ ਉਮਰ ਦੇ ਵਧਣ ਨਾਲ ਇਹ ਘੱਟਦੀ ਗਈ। ਹਾਲੇ ਉਨ੍ਹਾਂ ਦੀ ਦੇਖਣ ਸਮਰੱਥਾ ਸਿਰਫ 1 ਫੀਸਦੀ ਹੈ। ਉਹ ਕਹਿੰਦੇ ਹਨ,''ਮੈਂ ਜ਼ਿਆਦਾ ਚੀਜ਼ਾਂ ਪਛਾਣ ਕੇ ਨਹੀਂ ਦੱਸ ਸਕਦਾ। ਮੈਂ ਸਿਰਫ ਇਹ ਦੱਸ ਸਕਦਾ ਹਾਂ ਕਿ ਰੋਸ਼ਨੀ ਕਿੱਥੇ ਬਲ ਰਹੀ ਹੈ। ਮੈਂ ਜਦੋਂ ਆਪਣਾ ਹੱਥ ਚਿਹਰੇ ਦੇ ਸਾਹਮਣੇ ਲਿਆਉਂਦਾ ਹਾਂ ਅਤੇ ਉਂਗਲਾਂ ਹਿਲਾਉਂਦਾ ਹਾਂ ਤਾਂ ਉਸ ਨੂੰ ਦੇਖ ਪਾਉਂਦਾ ਹਾਂ। ਇਸ ਤੋਂ ਜ਼ਿਆਦਾ ਨਹੀੲਦੇਖ ਪਾਉਂਦਾ।'' ਜੇਸੀ ਦੇ ਪਿਤਾ ਵੀ ਪਰਬਤਾਰੋਹੀ ਹਨ। ਜੇਸੀ ਨੇ 2 ਸਾਲ ਦੀ ਉਮਰ ਵਿਚ ਪਹਿਲੀ ਵਾਰ ਚੜ੍ਹਾਈ ਕੀਤੀ ਸੀ। ਨਜ਼ਰ ਇੰਨੀ ਕਮਜ਼ੋਰ ਹੋਣ ਦੇ ਬਾਵਜੂਦ ਉਹ 16 ਸਾਲ ਦੀ ਉਮਰ ਤੱਕ ਰਗਬੀ ਅਤੇ ਜੁਜਿਤਸੁ ਖੇਡਿਆ ਕਰਦੇ ਸੀ। ਕੁਝ ਸਮਾਂ ਬਾਅਦ ਕਲਾਈਬਿੰਗ ਉਨ੍ਹਾਂ ਦੀ ਪਸੰਦੀਦਾ ਖੇਡ ਬਣ ਗਈ।