ਬ੍ਰਿਟੇਨ ਦੇ 200 ਅਧਿਆਪਕਾਂ ''ਤੇ ਚੀਨ ਲਈ ''ਜਾਸੂਸੀ'' ਕਰਨ ਦਾ ਸ਼ੱਕ, ਵਿਵਾਦਾਂ ''ਚ ਆਕਸਫੋਰਡ ਯੂਨੀਵਰਸਿਟੀ

Tuesday, Feb 09, 2021 - 05:55 PM (IST)

ਲੰਡਨ (ਬਿਊਰੋ): ਬ੍ਰਿਟੇਨ ਵਿਚ ਅਧਿਆਪਕਾਂ ਵੱਲੋਂ ਚੀਨ ਲਈ 'ਜਾਸੂਸੀ' ਕਰਨ ਦਾ ਪਰਦਾਫਾਸ਼ ਹੋਇਆ ਹੈ। ਬ੍ਰਿਟੇਨ ਦੀਆਂ 20 ਯੂਨੀਵਰਸਿਟੀਆਂ ਦੇ ਕਰੀਬ 200 ਅਧਿਆਪਕ ਚੀਨ ਦੀ ਮਦਦ ਕਰਨ ਦੇ ਤਹਿਤ ਸ਼ੱਕ ਦੇ ਘੇਰੇ ਵਿਚ ਹਨ। ਇਹਨਾਂ ਅਧਿਆਪਕਾਂ ਨੂੰ ਹੁਣ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਖੁਫੀਆ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕਿਤੇ ਇਹਨਾਂ ਅਧਿਆਪਕਾਂ ਨੇ ਧੋਖੇ ਨਾਲ ਚੀਨ ਨੂੰ ਵਿਨਾਸ਼ ਦੇ ਹਥਿਆਰ ਬਣਾਉਣ ਵਿਚ ਮਦਦ ਤਾਂ ਨਹੀਂ ਕੀਤੀ ਸੀ। ਉੱਥੇ ਵੱਕਾਰੀ ਆਕਸਫੋਰਡ ਯੂਨੀਵਰਸਿਟੀ ਵੀ ਵਿਵਾਦਿਤ ਚੀਨੀ ਕੰਪਨੀ ਤੋਂ 7 ਲੱਖ ਪੌਂਡ ਦਾ ਦਾਨ ਲੈ ਕੇ ਵਿਵਾਦਾਂ ਵਿਚ ਘਿਰ ਗਈ ਹੈ।

ਬ੍ਰਿਟਿਸ਼ ਅਧਿਕਾਰੀ ਟੀਚਰਾਂ ਦੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਉਹਨਾਂ ਨੇ ਰਾਸ਼ਟਰੀ ਸੁਰੱਖਿਆ ਦੇ ਰੱਖਿਆ ਲਈ ਬਣੇ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂ ਨਹੀਂ। ਜਾਸੂਸੀ ਦੇ ਇਸ ਸ਼ੱਕ ਵਿਚ ਬ੍ਰਿਟੇਨ ਵਿਚ ਕਈ ਮਸ਼ਹੂਰ ਯੂਨੀਵਰਸਿਟੀਆਂ ਸਮੇਤ 20 ਸੰਸਥਾਵਾਂ ਘੇਰੇ ਵਿਚ ਹਨ। ਇਹਨਾਂ 'ਤੇ ਨਿਰਯਾਤ ਕੰਟਰੋਲ ਆਦੇਸ਼ 2008 ਦੀ ਉਲੰਘਣਾ ਦਾ ਸ਼ੱਕ ਹੈ। ਜੇਕਰ ਅਧਿਆਪਕਾਂ ਨੂੰ ਦੋਸ਼ੀ ਪਾਇਆ ਗਿਆ ਤਾਂ ਉਹਨਾਂ ਨੂੰ 10 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਚੀਨ ਨੂੰ ਭੇਜੇ ਇਹ ਦਸਤਾਵੇਜ਼
ਨਿਰਯਾਤ ਕੰਟਰੋਲ ਆਦੇਸ਼ 2008 ਨੂੰ ਸੈਨਾ ਅਤੇ ਸੁਰੱਖਿਆ ਨਾਲ ਜੁੜੇ ਬਹੁਤ ਸੰਵੇਦਨਸ਼ੀਲ ਖੇਤਰ ਵਿਚ ਦੁਸ਼ਮਣ ਦੇਸ਼ ਨੂੰ ਜਾਣਕਾਰੀ ਭੇਜਣ ਤੋਂ ਰੋਕਣ ਅਤੇ ਬੌਧਿਕ ਜਾਇਦਾਦ ਅਧਿਕਾਰ ਦੀ ਸੁਰੱਖਿਆ ਲਈ ਬਣਾਇਆ ਗਿਆ ਹੈ। ਦੀ ਟਾਈਮਜ਼ ਦੀ ਰਿਪੋਰਟ ਮੁਤਾਬਕ, ਬ੍ਰਿਟਿਸ਼ ਵਿਦਵਾਨਾਂ ਨੇ ਏਅਰਕ੍ਰਾਫਟ, ਮਿਜ਼ਾਈਲ ਡਿਜ਼ਾਈਨ ਅਤੇ ਸਾਈਬਰ ਹਥਿਆਰ ਚੀਨ ਨੂੰ ਭੇਜੇ ਹਨ। ਹੁਣ ਬ੍ਰਿਟਿਸ਼ ਅਧਿਕਾਰੀ ਇਹਨਾਂ 200 ਸ਼ੱਕੀ ਲੋਕਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਲਈ ਸੈਨੇਟ 'ਚ ਅੱਜ ਸ਼ੁਰੂ ਹੋਵੇਗਾ ਟ੍ਰਾਇਲ

ਉੱਧਰ ਆਕਸਫੋਰਡ ਯੂਨੀਵਰਸਿਟੀ ਵੀ ਵਿਵਾਦਿਤ ਚੀਨੀ ਕੰਪਨੀ ਤੋਂ ਦਾਨ ਲੈਣ ਕਾਰਨ ਸ਼ੱਕ ਦੇ ਘੇਰੇ ਵਿਚ ਹੈ। ਯੂਨੀਵਰਸਿਟੀ ਨੇ ਚੀਨੀ ਸਾਫਟਵੇਅਰ ਕੰਪਨੀ ਟੇਨਸੇਂਟ ਤੋਂ 7 ਲੱਖ ਪੌਂਡ ਦਾਨ ਲੈਣ ਦੇ ਬਦਲੇ ਵਿਚ ਵੱਕਾਰੀ ਪ੍ਰੋਫੈਸਰਸ਼ਿਪ ਆਫ ਫਿਜੀਕਸ ਦਾ ਨਾਮ ਬਦਲਣ ਦਾ ਫ਼ੈਸਲਾ ਲਿਆ ਹੈ। ਸਾਲ 1900 ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਵਿਚ ਇਸ ਨੂੰ 'ਦੀ ਵਯਕੇਹਮ ਚੇਅਰ ਆਫ ਫਿਜੀਕਸ' ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਇਸ ਨੂੰ ਟੇਨਸੇਂਟ-ਵਯਕੇਹਮ ਚੇਅਰ' ਦੇ ਨਾਮ ਨਾਲ ਜਾਣਿਆ ਜਾਵੇਗਾ। ਟੇਨਸੇਂਟ ਦਾ ਚੀਨੀ ਕਮਿਊਨਿਸਟ ਪਾਰਟੀ ਦੀ ਖੁਫੀਆ ਸ਼ਾਖਾ ਨਾਲ ਡੂੰਘਾ ਸੰਬੰਧ ਹੈ।

ਬ੍ਰਿਟੇਨ ਦੇ ਦੋ ਸਾਬਕਾ ਕੈਬਨਿਟ ਮੰਤਰੀਆਂ ਨੇ ਮੰਗ ਕੀਤੀ ਹੈ ਕਿ ਆਕਸਫੋਰਡ ਆਪਣੇ ਫ਼ੈਸਲੇ 'ਤੇ ਦੁਬਾਰਾ ਵਿਚਾਰ ਕਰੇ। ਉੱਥੇ ਆਕਸਫੋਰਡ ਦੇ ਚਾਂਸਲਰ ਲੌਰਡ ਪੈਟੇਨ ਨੇ ਕਿਹਾ ਕਿ ਉਹ ਟੇਨਸੇਂਟ ਤੋਂ ਮਿਲੀ ਰਾਸ਼ੀ ਦੇ ਬਾਰੇ ਵਿਚ ਕੋਈ ਟਿੱਪਣੀ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਦਾ ਮੰਨਣਾ ਹੈ ਕਿ ਟੇਨਸੇਂਟ ਦਾ ਚੀਨ ਦੇ ਸਟੇਟ ਸਿਕਓਰਿਟੀ ਮੰਤਰਾਲੇ ਨਾਲ ਡੂੰਘਾ ਸੰਬੰਧ ਹੈ ਜੋ ਚੀਨ ਦੀ ਮੁੱਖ ਖੁਫੀਆ ਏਜੰਸੀ ਹੈ। ਟੇਨਸੇਂਟ ਚੀਨੀ ਸੁਰੱਖਿਆ ਏਜੰਸੀਆਂ ਨਾਲ ਏ.ਆਈ. 'ਤੇ ਕੰਮ ਕਰ ਰਹੀ ਹੈ।

ਨੋਟ- ਬ੍ਰਿਟੇਨ ਦੇ 200 ਟੀਚਰਾਂ 'ਤੇ ਚੀਨ ਲਈ 'ਜਾਸੂਸੀ' ਕਰਨ ਦਾ ਸ਼ੱਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News