ਬ੍ਰਿਟੇਨ : ਰਿਸ਼ੀ ਸੁਨਕ ਨੇ ਬਜਟ ਤੋਂ ਪਹਿਲਾਂ ਬਣਾਈ ਚਾਹ, ਤਸਵੀਰ ਵਾਇਰਲ
Sunday, Feb 23, 2020 - 12:21 PM (IST)

ਲੰਡਨ (ਬਿਊਰੋ): ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ ਅਤੇ ਇਨਫੋਸਿਸ ਦੇ ਕੋ-ਬਾਨੀ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ (39) ਬਜਟ ਤੋਂ ਪਹਿਲਾਂ ਚਰਚਾ ਵਿਚ ਹਨ। ਚਰਚਾ ਦਾ ਕਾਰਨ ਉਹਨਾਂ ਦੀ ਇਕ ਤਸਵੀਰ ਹੈ ਜਿਸ ਵਿਚ ਉਹ ਸਟਾਫ ਲਈ ਚਾਹ ਬਣਾ ਰਹੇ ਹਨ। ਰਿਸ਼ੀ ਸੁਨਕ ਦੀ ਇਸ ਤਸਵੀਰ 'ਤੇ ਕਈ ਤਰ੍ਹਾਂ ਦੇ ਕੁਮੈਂਟਸ ਕੀਤੇ ਜਾ ਰਹੇ ਹਨ। ਕੋਈ ਇਸ ਨੂੰ ਬਜਟ ਨਾਲ ਜੋੜ ਕੇ ਦੇਖ ਰਿਹਾ ਹੈ ਤਾਂ ਕੋਈ ਇਸ ਨੂੰ ਚਾਹ ਕੰਪਨੀ ਦਾ ਵਿਗਿਆਪਨ ਦੱਸ ਰਿਹਾ ਹੈ। ਕਿਸੇ ਨੇ ਤਾਂ ਇਹ ਤੱਕ ਲਿਖ ਦਿੱਤਾ ਕਿ ਰਿਸ਼ੀ ਸੁਨਕ ਨੇ ਸਿਰਫ ਤਸਵੀਰ ਖਿੱਚਵਾਈ ਪਰ ਅਸਲ ਵਿਚ ਚਾਹ ਕਿਸੇ ਹੋਰ ਨੇ ਬਣਾਈ ਹੋਵੇਗੀ।
ਤਸਵੀਰ ਵਿਚ ਰਿਸ਼ੀ ਸੁਨਕ ਚਾਹ ਦੀ ਕੇਤਲੀ ਫੜੇ ਦਿਸ ਰਹੇ ਹਨ। ਨਾਲ ਹੀ ਕੱਪ ਅਤੇ ਚਾਹਪੱਤੀ ਨਾਲ ਭਰਿਆ ਬੈਗ ਰੱਖਿਆ ਹੈ, ਜੋ ਵਰਕਸ਼ਾਇਰ ਕੰਪਨੀ ਦਾ ਹੈ। ਤਸਵੀਰ ਪੋਸਟ ਕਰਦਿਆਂ ਰਿਸ਼ੀ ਸੁਨਕ ਨੇ ਲਿਖਿਆ,''ਬਜਟ ਬਣਾਉਂਦੇ ਸਮੇਂ ਛੋਟਾ ਬ੍ਰੇਕ, ਜਿਸ ਵਿਚ ਮੈਂ ਟੀਮ ਲਈ ਚਾਹ ਬਣਾ ਰਿਹਾ ਹਾਂ। ਯਾਰਕਸ਼ਾਇਰ ਤੋਂ ਚੰਗਾ ਕੁਝ ਨਹੀਂ।''
Quick Budget prep break making tea for the team. Nothing like a good Yorkshire brew. pic.twitter.com/zhoQM9Ksho
— Rishi Sunak (@RishiSunak) February 21, 2020
ਰਿਸ਼ੀ ਸੁਨਕ ਦੀ ਇਹ ਤਸਵੀਰ ਜਲਦੀ ਹੀ ਸੋਸ਼ਲ਼ ਮੀਡੀਆ 'ਤੇ ਛਾ ਗਈ। ਇਕ ਯੂਜ਼ਰ ਨੇ ਲਿਖਿਆ,''ਜੇਕਰ ਚਾਹ ਦੀ ਕੇਤਲੀ ਅਤੇ ਰੱਖੇ ਕੱਪਾਂ ਦਾ ਬਜਟ ਨਾਲ ਕੋਈ ਜੋੜ ਹੈ ਤਾਂ ਇਹ ਦੇਖਣਾ ਮਜ਼ੇਦਾਰ ਹੋਵੇਗਾ।'' ਇਕ ਹੋਰ ਯੂਜ਼ਰ ਨੇ ਪੁੱਛਿਆ,''ਯਾਰਕਸ਼ਾਇਰ ਨੇ ਉਹਨਾਂ ਨੂੰ ਚਾਹ ਦਾ ਵਿਗਿਆਪਨ ਕਰਨ ਲਈ ਕਿੰਨੇ ਰੁਪਏ ਦਿੱਤੇ ਹਨ। ਨਾਲ ਹੀ ਇਹ ਵੀ ਲਿਖਿਆ ਗਿਆ ਕਿ ਉਹ ਕਰੋੜਪਤੀ ਹਨ ਅਤੇ ਉਹਨਾਂ ਨੂੰ ਅਜਿਹੇ ਪੈਸਿਆਂ ਦੀ ਲੋੜ ਨਹੀਂ।'' ਉੱਥੇ ਇਕ ਹੋਰ ਯੂਜ਼ਰ ਨੇ ਲਿਖਿਆ,''ਚਾਹ ਰਿਸ਼ੀ ਨੇ ਨਹੀਂ ਬਣਾਈ ਹੋਵੇਗੀ। ਉਹ ਤਸਵੀਰ ਖਿੱਚਵਾ ਕੇ ਇਕ ਪਾਸੇ ਹੋ ਗਏ ਹੋਣਗੇ।''
ਭਾਰਤੀ ਮੂਲ ਦੇ ਰਿਸ਼ੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸਾਜਿਦ ਜਾਵਿਦ ਦੀ ਜਗ੍ਹਾ ਰਿਸ਼ੀ ਸੁਨਕ ਨੂੰ ਨਵਾਂ ਵਿੱਤ ਮੰਤਰੀ ਬਣਾਇਆ ਹੈ। ਰਿਸ਼ੀ 11 ਮਾਰਚ ਨੂੰ ਬਜਟ ਪੇਸ਼ ਕਰਨਗੇ।