ਬ੍ਰਿਸਬੇਨ ਵਿੱਚ ''ਪ੍ਰਵਾਸੀ ਕਾਵਿ ਸੰਮੇਲਨ'' ਹੋਵੇਗਾ 5 ਮਈ ਨੂੰ

05/05/2018 10:20:52 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ਦਾ ਸ਼ਹਿਰ ਬ੍ਰਿਸਬੇਨ ਸਾਹਿਤਕ ਸਰਗਰਮੀਆਂ ਦੀ ਨਿਰੰਤਰਤਾ ਲਈ ਜਾਣਿਆ ਜਾਂਦਾ ਹੈ । ਇਸ ਸਾਹਿਤਕ ਪ੍ਰਵਾਹ ਦੇ ਇਕ ਹੋਰ ਪੜਾਅ ਤਹਿਤ ਇਸ ਸਾਲ ਦੂਸਰਾ 'ਪ੍ਰਵਾਸੀ ਕਾਵਿ ਸੰਮੇਲਨ 2018' ਬ੍ਰਿਸਬੇਨ ਸ਼ਹਿਰ ਵਿੱਚ 5 ਮਈ ਨੂੰ ਕੈਂਗਰੂ ਪੁਆਇੰਟ ਵਿਚ ਪੈਂਦੇ ਅਤਿ ਆਧੁਨਿਕ ਮਲਟੀਕਲਚਰਲ ਥਿਏਟਰ ਵਿੱਚ ਹੋਵੇਗਾ । ਇਹ  ਸਮਾਗਮ ਸਮਾਜ ਸੇਵੀ ਅਤੇ ਸ਼ਾਇਰਾ ਸ਼੍ਰੀਮਤੀ ਸੋਮਾ ਨਾਇਰ ਦੀ ਅਗਵਾਈ ਵਿੱਚ 'ਇੰਡੀਅਨ ਮੈਡੀਕਲ ਐਸੋਸੀਏਸ਼ਨ ਆਫ਼ ਆਸਟਰੇਲੀਆ' ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਮਾਗਮ ਵਿੱਚ ਐਂਟਰੀ ਮੁਫ਼ਤ ਹੋਵੇਗੀ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਸਰੋਤਿਆਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ । 

ਇਸ ਸਾਹਿਤਕ ਸੰਮੇਲਨ ਵਿੱਚ ਬ੍ਰਿਸਬੇਨ ਦੇ ਨਾਮਵਰ ਸ਼ਾਇਰ ਰੁਪਿੰਦਰ ਸੋਜ਼ ਦੀ ਪੁਸਤਕ 'ਸੰਨਾਟਾ ਬੋਲਦਾ'”ਲੋਕ ਅਰਪਣ ਹੋਵੇਗੀ । ਕਵੀ ਦਰਬਾਰ ਵਿਚ ਸਰਬਜੀਤ ਸੋਹੀ, ਰੁਪਿੰਦਰ ਸੋਜ਼, ਜਸਵੰਤ ਵਾਗਲਾ, ਕਵਿਤਾ ਖੁੱਲਰ, ਮਧੂ ਖੰਨਾ, ਸੰਧਿਆ ਨਾਇਰ, ਅਨੁਰਾਗ ਗੁਪਤਾ, ਡਾ ਬ੍ਰਿਜ ਦੇਸ਼ਪਾਂਡੇ, ਡਾ. ਚਿਤਰਾ ਦੇਸ਼ਪਾਂਡੇ, ਡਾ ਨੀਰਜ ਖੰਨਾ, ਮਾਹਿਬ ਖੰਨਾ, ਸੋਮਾ ਨਾਇਰ ਅਤੇ ਐਡੀਲੇਡ ਵੱਸਦੀ ਸ਼ਾਇਰਾ ਰਮਨਪ੍ਰੀਤ ਕੌਰ ਉਚੇਚੇ ਤੌਰ 'ਤੇ ਸ਼ਾਮਲ ਹੋਵੇਗੀ । ਇਸ ਕਾਵਿ ਸੰਮੇਲਨ ਦੇ ਸਹਿਯੋਗੀਆਂ ਵਿੱਚ ਹੋਰਨਾਂ ਸੰਸਥਾਵਾਂ ਤੋਂ ਇਲਾਵਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੀ ਸ਼ਾਮਿਲ ਹੋਵੇਗੀ । ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਸਰਬਜੀਤ ਸੋਹੀ ਨੇ ਦੱਸਿਆ ਕਿ ਭਾਰਤੀ ਲੋਕਾਂ ਦੇ ਭਾਈਚਾਰਕ ਪਿਆਰ ਅਤੇ ਸਦਭਾਵਨਾ ਨੂੰ ਉਤਸ਼ਾਹ ਦੇਣ ਲਈ ਬਹੁ-ਭਾਸ਼ਾਈ ਸਾਹਿਤਕ ਸੰਮੇਲਨਾਂ ਦੀ ਬਹੁਤ ਮਹੱਤਤਾ ਹੈ । ਇਸ ਸਮਾਗਮ ਦੀ ਸਫਲਤਾ ਲਈ ਪੱਤਰਕਾਰ ਭਾਈਚਾਰੇ ਅਤੇ ਸਮਾਜ ਸੇਵੀ ਹਸਤੀਆਂ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਹੈ, ਅਜਿਹੀਆਂ ਸਰਗਰਮੀਆਂ ਪ੍ਰਵਾਸੀ ਭਾਰਤੀਆਂ ਦੀਆਂ ਅਗਲੀਆਂ ਪੀੜ੍ਹੀਆਂ ਵਿੱਚ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ ।


Related News