ਬ੍ਰਿਸਬੇਨ : ਕਈ ਵਾਹਨਾਂ ''ਚ ਹੋਈ ਟੱਕਰ, ਦੋ ਬੱਚਿਆਂ ਦੀ ਮੌਤ ਤੇ 28 ਲੋਕ ਜ਼ਖਮੀ
Tuesday, Mar 19, 2019 - 11:21 AM (IST)
ਬ੍ਰਿਸਬੇਨ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਬੀਤੇ ਦਿਨ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ ਹੋਰ ਕਈ ਲੋਕ ਜ਼ਖਮੀ ਹੋ ਗਏ। ਹਾਦਸੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇਕ ਬੱਚੀ ਅਤੇ ਇਕ ਔਰਤ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਸੈਂਟੀਨਰੀ ਹਾਈਵੇਅ 'ਤੇ ਦੁਪਹਿਰ 2.45 ਵਜੇ ਵਾਪਰਿਆ ਅਤੇ 28 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੇਖਣ ਵਾਲਿਆਂ ਨੇ ਦੱਸਿਆ ਕਿ ਇਕ ਕਾਰ ਬੱਸ ਦੇ ਅੱਗਿਓਂ ਜਾ ਰਹੀ ਸੀ ਪਰ ਇਸ ਕਾਰ ਡਰਾਈਵਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਬੱਸ ਕਾਰ 'ਚ ਜਾ ਵੱਜੀ।
ਇਸ ਦੇ ਅੱਗੇ ਤੇ ਪਿੱਛੇ ਜਾਣ ਵਾਲੀਆਂ ਗੱਡੀਆਂ ਵੀ ਹਾਦਸੇ ਦੀਆਂ ਸ਼ਿਕਾਰ ਹੋਈਆਂ ਅਤੇ ਇਨ੍ਹਾਂ 'ਚ ਸਵਾਰ ਲੋਕ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਬੱਸ ਅਤੇ 6 ਗੱਡੀਆਂ ਹਾਦਸੇ ਦੀਆਂ ਸ਼ਿਕਾਰ ਹੋਈਆਂ। ਤਸਵੀਰਾਂ 'ਚ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਅੱਧਾ ਹਿੱਸਾ ਹੀ ਦਿਖਾਈ ਦੇ ਰਿਹਾ ਹੈ। ਹਾਦਸੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਤੇਜ਼ ਮੀਂਹ ਕਾਰਨ ਇਹ ਹਾਦਸਾ ਵਾਪਰਿਆ ਹੋਵੇ। ਟ੍ਰੈਫਿਕ ਅਧਿਕਾਰੀਆਂ ਨੇ ਕਿਹਾ ਕਿ ਉਹ ਹਾਦਸੇ ਸਮੇਂ ਕਾਰ ਦੇ ਨੇੜੇ ਨਹੀਂ ਸਨ, ਇਸ ਲਈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਾਰ ਕਿੰਨੀ ਸਪੀਡ 'ਚ ਜਾ ਰਹੀ ਸੀ। ਫਿਲਹਾਲ ਡੈਸ਼ ਕੈਮ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ । ਹਾਦਸੇ ਮਗਰੋਂ ਲੰਬੇ ਸਮੇਂ ਤਕ ਟ੍ਰੈਫਿਕ ਜਾਮ ਵੀ ਰਿਹਾ।