ਬ੍ਰਿਸਬੇਨ ''ਚ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ''ਤੇ ਹੋਈ ਵਿਸ਼ਾਲ ਵਿਚਾਰ ਗੋਸ਼ਟੀ
Tuesday, Nov 06, 2018 - 10:53 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਸਿੱਖ ਧਰਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਦਿੱਤ ਸਿੰਘ ਦੇ ਜੀਵਨ ਅਤੇ ਉਹਨਾਂ ਦੁਆਰਾ ਪਾਏ ਸਿੱਖ ਸਮਾਜ ਲਈ ਵਡਮੁੱਲੇ ਯੋਗਦਾਨ 'ਤੇ ਆਧਾਰਿਤ ਵਿਚਾਰ ਗੋਸ਼ਟੀ ਪ੍ਰੋਗਰਾਮ ਪੰਜ ਆਬ ਰੀਡਿੰਗ ਗਰੁੱਪ ਆਸਟ੍ਰੇਲੀਆ, ਡਾ. ਬੀ.ਆਰ. ਅੰਬੇਡਕਰ ਸੁਸਾਇਟੀ ਬ੍ਰਿਸਬੇਨ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਅਤੇ ਸਮੂਹ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਸਿੱਖ ਐਜੂਕੇਸ਼ਨ ਐਂਡ ਵੈੱਲਫੇਅਰ ਸੈਂਟਰ, ਬਿਸ੍ਰਬੇਨ ਸਿੱਖ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਪੰਜ ਆਬ ਰੀਡਿੰਗ ਗਰੁੱਪ ਦੇ ਗੁਰਸੇਵਕ ਸਿੰਘ, ਕੁਲਜੀਤ ਸਿੰਘ ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਕਨਵੀਨਰ ਬਲਵਿੰਦਰ ਸਿੰਘ ਨੇ ਸਾਂਝੀ ਜਾਣਕਾਰੀ 'ਚ ਦੱਸਿਆ ਕਿ ਸਿੱਖ ਧਰਮ ਵਿਚ ਅਨੇਕਾਂ ਹੀ ਵਿਦਵਾਨ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀ ਸਿੱਖ ਇਤਿਹਾਸ ਵਿਚ ਚਰਚਾ ਨਾਂਹ ਦੇ ਬਰਾਬਰ ਹੀ ਹੋਈ ਹੈ। ਇਸ ਲਈ ਅਜ਼ੋਕੀ ਪੀੜ੍ਹੀ ਨੂੰ ਇਹਨਾਂ ਵਿਦਵਾਨਾਂ ਅਤੇ ਇਹਨਾਂ ਦੁਆਰਾ ਕੀਤੇ ਵਡਮੁੱਲੇ ਕਾਰਜਾਂ ਬਾਰੇ ਰੂਬਰੂ ਕਰਨ ਹਿਤ ਲੜੀਵਾਰ ਉਪਰਾਲੇ ਅਧੀਨ ਗਿਆਨੀ ਜੀ ਦੀ ਸ਼ਖਸੀਅਤ ਅਤੇ ਉਹਨਾਂ ਦੇ ਕੀਤੇ ਕਾਰਜਾਂ ਦਾ ਗੰਭੀਰ ਚਿੰਤਨ ਕੀਤਾ ਗਿਆ।
ਵਿਚਾਰ ਗੋਸ਼ਟੀ ਦੀ ਸ਼ੁਰੂਆਤ ਗੁਰਸੇਵਕ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਆਖ ਕੀਤੀ ਅਤੇ ਪ੍ਰੋਗਰਾਮ ਦਾ ਵੇਰਵਾ ਦਿੱਤਾ। ਨਿੱਕੀ ਬੱਚੀ ਸਿੰਬਲ ਕੌਰ ਸਿੱਧੂ ਨੇ ਗਿਆਨੀ ਜੀ ਦੇ ਜੀਵਨ 'ਤੇ ਪੰਛੀ ਝਾਤ ਪਾਉਂਦਿਆਂ ਕਿਹਾ ਕਿ ਭਾਵੇਂ ਅਸੀਂ ਇਸ ਮਹਾਨ ਸ਼ਖਸੀਅਤ ਨੂੰ ਸਦੀ ਬਾਅਦ ਹੀ ਯਾਦ ਕਰ ਰਹੇ ਹਾਂ ਪਰ ਸ਼ੁਰੂਆਤ ਹੋਈ ਹੈ। ਇਹ ਸਿੱਖ ਕੌਮ ਲਈ ਸ਼ੁੱਭ ਸ਼ਗਨ ਹੈ। ਇਸ ਤੋਂ ਬਾਅਦ ਜਗਦੀਪ ਸਿੰਘ ਕਿਹਾ ਕਿ ਸਾਡੀ ਕੌਮ ਦਾ ਇਸ ਸ਼ਖਸੀਅਤ ਨੂੰ ਵਿਸਾਰਨਾ ਮੰਦਭਾਗਾ ਹੈ। ਉਹਨਾਂ ਲੋਕਾਈ ਦੇ ਨਾਲ-ਨਾਲ ਸਰਕਾਰਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਬੀਬਾ ਗੁਰਪ੍ਰੀਤ ਕੌਰ ਨੇ ਗਿਆਨੀ ਜੀ ਦੇ ਵਿਚਾਰਾਂ 'ਤੇ ਸੰਜੀਦਾ ਸੰਖੇਪ ਝਾਤ ਪਾਈ।ਬ੍ਰਿਸਬੇਨ ਪ੍ਰੈੱਸ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਜੀ 18ਵੀਂ ਸਦੀ ਦੇ ਮਹਾਨ ਵਿਦਵਾਨ ਹੋਏ ਹਨ, ਜਿਨ੍ਹਾਂ ਵਲੋਂ ਕੌਮ ਲਈ ਕੀਤੀ ਘਾਲਣਾ ਨੂੰ ਇਕ ਸੰਸਥਾ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਗੇਰਾ ਭਵਿੱਖ ਸਿਰਜਣ ਲਈ ਕਰੜੀ ਘਾਲਣਾ, ਜੁਲਮ ਤੇ ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨੀ ਪਂੈਦੀ ਹੈ ਜੋ ਕਿ ਗਿਆਨੀ ਜੀ ਉਸ ਦੀ ਮਿਸਾਲ ਹਨ।
ਬ੍ਰਿਸਬੇਨ ਤੋਂ ਗ਼ਜ਼ਲਗੋ ਵਾਗਲਾ ਅਤੇ ਰੁਪਿੰਦਰ ਸੋਜ ਨੇ ਕਿਹਾ ਕਿ ਗਿਆਨੀ ਜੀ ਦੀ ਯਾਦ ਵਿਚ ਪ੍ਰੋਗਰਾਮ ਉਲੀਕਣੇ ਅੱਜ ਸਮੇਂ ਦੀ ਮੰਗ ਹਨ। ਸਮੂਹ ਭਾਈਚਾਰਾ ਅਤੇ ਪ੍ਰਬੰਧਕ ਸ਼ਾਬਾਸ਼ੀ ਦੇ ਪਾਤਰ ਹਨ ਜਿਹਨਾਂ ਲੀਕ ਤੋਂ ਹਟ ਵਿਚਾਰ ਗੋਸ਼ਟੀ ਰਾਹੀਂ ਇਤਿਹਾਸ ਸਿਰਜਿਆ ਹੈ। ਗ਼ਜ਼ਲਗੋ ਵਾਗਲਾ ਦੀ ਗ਼ਜ਼ਲ ਸਮਾਜਕ ਤਾਣੇ-ਬਾਣੇ 'ਤੇ ਕਰਾਰੀ ਚੋਟ ਕਰ ਗਈ। ਗੁਰੂਘਰ ਦੇ ਸੈਕਟਰੀ ਸ. ਸੁਖਰਾਜ ਸਿੰਘ ਦੀ ਕਵਿਤਾ ਵੀ ਹਾਜ਼ਰੀਨ ਨੂੰ ਚਿੰਤਨ ਕਰਵਾਉਣ 'ਚ ਸਫ਼ਲ ਰਹੀ। ਦਲਜੀਤ ਸਿੰਘ ਵੱਲੋਂ ਗਿਆਨੀ ਜੀ ਦੇ ਹਵਾਲਿਆਂ ਨਾਲ ਦੱਸਿਆ ਕਿ ਉਹਨਾਂ ਦੇ ਕਾਰਜ਼ ਸਮੂਹ ਭਾਈਚਾਰਿਆਂ ਦੀ ਸਾਂਝੀ ਨੁਮਾਇੰਦਗੀ ਕਰਦੇ ਸਨ। ਇਸ ਲਈ ਉਹਨਾਂ ਨੂੰ ਕਿਸੇ ਇਕ ਵਰਗ ਨਾਲ ਜੋੜਨਾ ਠੀਕ ਨਹੀਂ ਹੋਵੇਗਾ । ਗਿਆਨੀ ਨਰਿੰਦਰ ਪਾਲ ਸਿੰਘ ਨੇ ਗੋਸ਼ਟੀ 'ਚ ਗਿਆਨੀ ਜੀ ਦੇ ਜੀਵਨ 'ਤੇ ਵਿਚਾਰਾਂ ਕੀਤੀਆਂ ਅਤੇ ਦੱਸਿਆ ਕਿ ਕਿਉਂ ਇਸ ਮਹਾਨ ਸ਼ਖ਼ਸੀਅਤ ਨੂੰ ਜਾਣ-ਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ।
ਗੁਆਂਢੀ ਸੂਬੇ ਨਿਊ ਸਾਊਥ ਵੇਲਜ਼ ਤੋਂ ਵਿਸ਼ੇਸ਼ ਸੱਦੇ 'ਤੇ ਪਹੁੰਚੇ ਸ. ਅਮਨਦੀਪ ਸਿੰਘ ਸਿੱਧੂ ਨੇ ਆਪਣੀ ਤਕਰੀਰ ਵਿਚ ਸਮੇਂ ਨੂੰ ਬੰਨਿਆ। ਉਹਨਾਂ ਸਰਲ ਸ਼ਬਦਾਵਲੀ ਵਿਚ ਗਿਆਨੀ ਜੀ ਦੀ ਜੀਵਨ-ਜਾਂਚ, ਉਹਨਾਂ ਦੀ ਗੁਰਬਾਣੀ ਅਤੇ ਪੰਜਾਬੀ ਭਾਸ਼ਾ ਲਾਈ ਕੀਤੀ ਘਾਲਣਾ ਦੇ ਨਾਲ-ਨਾਲ ਗੁਰਬਾਣੀ ਦੇ ਹਵਾਲੇ ਨਾਲ ਮਨੁੱਖ ਬਨਾਮ ਪਰਮਾਤਮਾ ਰੂਪ ਨੂੰ ਤਰਤੀਬ ਵਿਚ ਸਮਝਾਇਆ। ਉਹਨਾਂ 'ਵਿਚਾਰ-ਗੋਸ਼ਟੀ' ਦਾ ਇਤਿਹਾਸ ਤੇ ਅਸਲ ਪਰਿਭਾਸ਼ਾ ਦਾ ਵਿਖਿਆਨ ਵੀ ਕੀਤਾ। ਉਹਨਾਂ ਆਪਣੀ ਤਕਰੀਰ 'ਚ ਗਿਆਨੀ ਜੀ ਦੀ ਭਵਿੱਖੀ ਸੋਚ ਦੇ ਹਵਾਲੇ ਨਾਲ ਗੁਰਬਾਣੀ ਬਨਾਮ ਸਾਇੰਸ ਨੂੰ ਸਰਲ ਸ਼ਬਦਾਂ 'ਚ ਹਾਜ਼ਰੀਨ ਨਾਲ ਸਾਂਝਾ ਕੀਤਾ। ਗ੍ਰੀਨ ਪਾਰਟੀ ਨੇਤਾ ਨਵਦੀਪ ਸਿੰਘ ਨੇ ਆਪਣੀ ਸੰਖੇਪ ਤਕਰੀਰ ਵਿਚ ਇਸ ਵੇਗ ਨੂੰ ਹੋਰ ਤਿੱਖਾ ਕਰਨ ਦੀ ਗੱਲ ਆਖੀ।ਪੰਜ ਆਬ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਅਤੇ ਸਾਥੀ ਅਜੇਪਾਲ ਸਿੰਘ ਵੱਲੋਂ ਗਿਆਨੀ ਜੀ ਨਾਲ ਸਬੰਧਤ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਵਿਲੱਖਣ ਕਾਰਜ਼ ਹੋ ਨਿੱਭੜੀ। ਤਕਨੀਕੀ ਪ੍ਰਬੰਧ ਹਰਜੀਤ ਲਸਾੜਾ ਵੱਲੋਂ ਬਾਖੂਬੀ ਨਿਭਾਇਆ ਗਿਆ।
ਗੱਭਰੂ ਟੀਵੀ ਆਸਟ੍ਰੇਲੀਆ ਦੇ ਵਿਜੇ ਗਰੇਵਾਲ ਅਤੇ ਸਿਮਰਨ ਵਲੋਂ ਗੋਸ਼ਟੀ ਦੇ ਵੀਡੀਓ ਫ਼ਿਲਮਾਂਕਣ ਤਹਿਤ ਮੁਫਤ ਸੇਵਾਵਾਂ ਦਿੱਤੀਆਂ ਗਈਆਂ। ਅੰਤ ਵਿਚ ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਬਲਵਿੰਦਰ ਸਿੰਘ ਅਤੇ ਗੁਰੂਘਰ ਕਮੇਟੀ ਦੇ ਪ੍ਰਧਾਨ ਸ. ਜਸਜੋਤ ਸਿੰਘ ਨੇ ਸਾਂਝੇ ਤੌਰ 'ਤੇ ਇਸ ਵਿਲੱਖਣ ਉਪਰਾਲੇ ਲਈ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅਗਾਂਹ ਵੀ ਗੁਰਬਾਣੀ ਅਤੇ ਪੰਜਾਬੀ ਭਾਸ਼ਾ ਦੇ ਪਸਾਰੇ ਤਹਿਤ ਇਹ ਉੱਦਮ ਹੁੰਦੇ ਰਹਿਣਗੇ। ਇਸ ਬੈਠਕ ਵਿਚ ਸਾਂਝੀਵਾਲਤਾ ਦੇ ਸੁਨੇਹੇ ਤਹਿਤ ਮਹਾਨ ਸ਼ਖਸ਼ੀਅਤ ਗਿਆਨੀ ਦਿੱਤ ਸਿੰਘ ਜੀ ਦਾ ਚਿੰਤਨ ਅਤੇ ਸੰਸਥਾਵਾਂ ਦਾ ਇੱਕ ਮੰਚ ਹੇਠ ਇਕੱਠੇ ਬੈਠ ਹੋਈਆਂ ਵਿਚਾਰਾਂ ਸਮੁੱਚੇ ਭਾਈਚਾਰੇ ਲਈ ਚੰਗੇ ਭਵਿੱਖੀ ਮਾਪ-ਦੰਡ ਸਿਰਜ ਗਿਆ। ਵਿਚਾਰ ਗੋਸ਼ਟੀ ਵਿਚ ਸ਼ਹਿਰ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ।
ਦੱਸਣਯੋਗ ਹੈ ਕਿ ਭਾਈ ਦਿੱਤ ਸਿੰਘ ਜੀ ਅਜਿਹੀ ਸਿੱਖ ਸ਼ਖਸ਼ੀਅਤ ਸਨ ਜਿਹਨਾਂ ਬਿਪਰੀਤ ਪ੍ਰਸਥਿੱਤੀਆਂ ਦੇ ਹੁੰਦੇ ਹੋਏ ਵੀ ਸਿੱਖੀ ਦੇ ਪਸਾਰੇ ਅਤੇ ਪੰਜਾਬੀ ਜ਼ੁਬਾਨ ਲਈ ਇਕੱਲਿਆਂ ਝੰਡਾ ਬੁਲੰਦ ਕੀਤਾ ਸੀ। ਭਾਈ ਦਿੱਤ ਸਿੰਘ ਨੂੰ ਪੰਜਾਬੀ ਪੱਤਰਕਾਰੀ ਨੂੰ ਬਹੁਤ ਵੱਡੀ ਦੇਣ ਹੈ।51 ਸਾਲ ਦੀ ਉਮਰ 'ਚ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਭਾਈ ਸਾਹਿਬ ਨੇ ਪੁਸਤਕਾਂ ਦੇ ਰੂਪ ਦੇ ਵਿਚ ਕੌਮ ਨੂੰ ਅਣਮੋਲ ਖ਼ਜ਼ਾਨਾ ਦਿੱਤਾ ਹੈ, ਜਿਨ੍ਹਾਂ ਦੀ ਮੌਲਿਕਤਾ ਤੇ ਤਾਜ਼ਗੀ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
